ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 47 ਤੋਂ ਵਧ ਕੇ 53 ਹੋ ਗਈ ਹੈ। ਇਨ੍ਹਾਂ ਵਿੱਚੋਂ 24 ਇੱਕੋ ਪਿੰਡ ਕਰੁਣਾਪੁਰਮ ਦੇ ਵਸਨੀਕ ਸਨ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਇੱਕ ਟਰਾਂਸਜੈਂਡਰ ਸ਼ਾਮਲ ਹੈ। ਤਾਮਿਲਨਾਡੂ ਦੇ ਸਿਹਤ ਮੰਤਰੀ ਐਮ ਸੁਬਰਾਮਨੀਅਮ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਪੁਲਸ ਨੇ 7 ਲੋਕਾਂ ਨੂੰ ਲਿਆ ਹਿਰਾਸਤ 'ਚ
ਤਾਮਿਲਨਾਡੂ ਪੁਲਿਸ ਹੁਣ ਤੱਕ ਜ਼ਹਿਰੀਲੀ ਸ਼ਰਾਬ ਨਾਲ ਸਬੰਧਤ ਮਾਮਲੇ ਵਿੱਚ ਸੱਤ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ। ਇਸ ਮਾਮਲੇ ਦੀ ਜਾਂਚ ਤਾਮਿਲਨਾਡੂ ਪੁਲਿਸ ਦੇ ਸੀਆਈਡੀ ਸੇਲ ਕਰ ਰਹੀ ਹੈ। ਇੱਕ ਦਿਨ ਪਹਿਲਾਂ (21 ਜੂਨ) ਸਿਹਤ ਮੰਤਰੀ ਨੇ ਮੈਡੀਕਲ ਕਾਲਜਾਂ ਅਤੇ ਹੋਰ ਹਸਪਤਾਲਾਂ ਵਿੱਚ ਦਾਖ਼ਲ ਜ਼ਹਿਰੀਲੀ ਸ਼ਰਾਬ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਲਈ।
ਜ਼ਹਿਰੀਲੀ ਸ਼ਰਾਬ ਪੀਣ ਨਾਲ 185 ਲੋਕ ਹੋਏ ਬਿਮਾਰ
ਕੁੱਲ 185 ਲੋਕ ਸ਼ਰਾਬ ਪੀਣ ਤੋਂ ਬਾਅਦ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਕਾਲਾਕੁਰਿਚੀ, ਜੇਆਈਪੀਐਮਈਆਰ, ਸਲੇਮ ਅਤੇ ਮੁੰਡਿਯਾਮਬੱਕਮ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ 'ਚੋਂ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਲਾਜ ਅਧੀਨ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
19 ਤੋਂ ਸ਼ੁਰੂ ਹੋਇਆ ਸੀ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦਾ ਸਿਲਸਿਲਾ
ਤਾਮਿਲਨਾਡੂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦਾ ਸਿਲਸਿਲਾ 19 ਜੂਨ ਦੀ ਦੁਪਹਿਰ ਤੋਂ ਸ਼ੁਰੂ ਹੋਇਆ ਸੀ। ਇਨ੍ਹਾਂ 'ਚੋਂ ਪਹਿਲੇ ਦਿਨ 34 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 24 ਇੱਕੋ ਪਿੰਡ ਕਰੁਣਾਪੁਰਮ ਦੇ ਸਨ। 20 ਜੂਨ ਨੂੰ ਸਾਰੇ ਮ੍ਰਿਤਕਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ। 21 ਜੂਨ ਨੂੰ ਮਰਨ ਵਾਲਿਆਂ ਦੀ ਗਿਣਤੀ 47 ਤੱਕ ਪਹੁੰਚ ਗਈ ਸੀ।
ਸਰਕਾਰ ਨੇ CB-CID ਨੂੰ ਸੌਂਪੀ ਜਾਂਚ, DM-SP ਨੂੰ ਹਟਾਇਆ ਗਿਆ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਸ਼ਰਾਬ ਘੁਟਾਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀ-ਸੀਆਈਡੀ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਸ਼ਰਵਣ ਕੁਮਾਰ ਜਾਟਵਥ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਐਮਐਸ ਪ੍ਰਸ਼ਾਂਤ ਨੂੰ ਕਾਲਾਕੁਰਿਚੀ ਜ਼ਿਲ੍ਹੇ ਦਾ ਨਵਾਂ ਕੁਲੈਕਟਰ ਨਿਯੁਕਤ ਕੀਤਾ ਗਿਆ ਹੈ। ਕਾਲਾਕੁਰੀਚੀ ਦੇ ਐਸਪੀ ਸਮਾਇਸਿੰਘ ਮੀਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰਜਤ ਚਤੁਰਵੇਦੀ ਨੂੰ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਹੈ। ਕਈ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ।
2008 ਵਿੱਚ 180 ਲੋਕਾਂ ਦੀ ਹੋਈ ਸੀ ਮੌਤ
ਮਈ 2008 ਵਿੱਚ, ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਅਤੇ ਕਰਨਾਟਕ ਦੇ ਕੋਲਾਰ ਦੇ ਸਰਹੱਦੀ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਲਗਭਗ 180 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ 60 ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਸਨ ਅਤੇ ਬਾਕੀ ਕੋਲਾਰ ਅਤੇ ਬੈਂਗਲੁਰੂ ਤੋਂ ਸਨ। ਇਸ ਦੇ ਨਾਲ ਹੀ ਕਈ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ।