4 ਜੂਨ ਨੂੰ ਦਿੱਲੀ ਏਅਰਪੋਰਟ 'ਤੇ ਇਕ ਫਲਾਈਟ 'ਚ ਬੰਬ ਦੀ ਧਮਕੀ ਦੇਣ ਵਾਲਾ ਇਕ 13 ਸਾਲਾ ਬੱਚਾ ਨਿਕਲਿਆ ਹੈ। ਫਲਾਈਟ 'ਚ ਬੰਬ ਹੋਣ ਦੀ ਖਬਰ ਨੇ ਪੂਰੀ ਰਾਜਧਾਨੀ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਪੁਲਸ ਨੇ ਧਮਕੀ ਦੇਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਪੁਲਸ ਦੀ ਭਾਲ ਹੁਣ 13 ਸਾਲ ਦੇ ਬੱਚੇ 'ਤੇ ਹੀ ਖਤਮ ਹੋ ਗਈ।
ਈਮੇਲ ਰਾਹੀਂ ਧਮਕੀ ਮਿਲੀ ਸੀ
ਦਰਅਸਲ 4 ਜੂਨ ਦੀ ਰਾਤ 11:30 ਵਜੇ ਦਿੱਲੀ ਪੁਲਿਸ ਨੂੰ ਈਮੇਲ ਰਾਹੀਂ ਸੂਚਨਾ ਮਿਲੀ ਸੀ ਕਿ ਦਿੱਲੀ-ਟੋਰਾਂਟੋ ਫਲਾਈਟ 'ਚ ਬੰਬ ਹੈ। ਈਮੇਲ ਮਿਲਦੇ ਹੀ ਸਾਰੀਆਂ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਫਲਾਈਟ ਨੂੰ 12 ਘੰਟਿਆਂ ਤੋਂ ਵੱਧ ਸਮੇਂ ਲਈ ਰੋਕਣਾ ਪਿਆ। ਹੁਣ ਇਸ ਮਾਮਲੇ ਦੀ ਜਾਂਚ ਦੌਰਾਨ ਏਅਰਪੋਰਟ ਪੁਲਿਸ ਨੇ 13 ਸਾਲਾ ਬੱਚੇ ਨੂੰ ਫੜਿਆ ਹੈ।
ਮੇਲ ਮੇਰਠ ਤੋਂ ਭੇਜੀ ਗਈ ਸੀ
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ, ਉਹ ਸਿਰਫ਼ ਇੱਕ ਘੰਟਾ ਪਹਿਲਾਂ ਹੀ ਬਣਾਈ ਗਈ ਸੀ। ਇਹ ਮੇਲ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਭੇਜੀ ਗਈ ਸੀ। ਜਦੋਂ ਪੁਲਿਸ ਨੇ ਮੇਰਠ ਜਾ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮੇਲ ਇੱਕ 13 ਸਾਲ ਦੇ ਮਾਸੂਮ ਬੱਚੇ ਵੱਲੋਂ ਭੇਜੀ ਗਈ ਸੀ।
ਟੀ ਵੀ 'ਤੇ ਬੰਬ ਦੀ ਖ਼ਬਰ ਸੁਣ ਕੇ ਆਇਆ ਆਈਡੀਆ
ਜਦੋਂ ਪੁਲਸ ਨੇ ਬੱਚੇ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਟੀਵੀ 'ਤੇ ਮੁੰਬਈ ਜਾਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਖਬਰ ਸੁਣੀ ਸੀ। ਉਥੋਂ ਉਸ ਨੂੰ ਇਹ ਆਈਡੀਆ ਆਇਆ। ਉਹ ਜਾਣਨਾ ਚਾਹੁੰਦਾ ਸੀ ਕਿ ਕੀ ਪੁਲਿਸ ਉਸਦੀ ਮੇਲ ਟਰੇਸ ਕਰ ਸਕੇਗੀ ਜਾਂ ਨਹੀਂ? ਉਸ ਨੇ ਇਹ ਧਮਕੀ ਸਿਰਫ਼ ਮਜ਼ਾਕ ਦੇ ਤੌਰ ਉਤੇ ਦਿੱਤੀ ਸੀ।
ਫਰਜ਼ੀ ਆਈਡੀ ਬਣਾਈ, ਮੇਲ ਭੇਜੀ ਅਤੇ ਫਿਰ ਡਿਲੀਟ ਕਰ ਦਿੱਤੀ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਬੱਚੇ ਨੇ ਆਪਣੇ ਫ਼ੋਨ 'ਤੇ ਜਾਅਲੀ ਆਈ.ਡੀ. ਬਣਾਈ ਤੇ ਫਿਰ ਉਸਨੇ ਆਪਣੀ ਮਾਂ ਦੇ ਫੋਨ ਤੋਂ ਇੰਟਰਨੈਟ ਦੀ ਵਰਤੋਂ ਕਰਕੇ ਮੇਲ ਭੇਜੀ। ਮੇਲ ਭੇਜਣ ਤੋਂ ਬਾਅਦ ਉਸ ਨੇ ਇਸ ਮੇਲ ਨੂੰ ਵੀ ਡਿਲੀਟ ਕਰ ਦਿੱਤਾ। ਅਗਲੀ ਸਵੇਰ ਉਸਨੇ ਟੀਵੀ 'ਤੇ ਦੇਖਿਆ ਕਿ ਦਿੱਲੀ ਏਅਰਪੋਰਟ 'ਤੇ ਬੰਬ ਦੀ ਕਾਲ ਚੱਲ ਰਹੀ ਹੈ। ਇਹ ਦੇਖ ਕੇ ਬੱਚਾ ਬੁਰੀ ਤਰ੍ਹਾਂ ਡਰ ਗਿਆ। ਡਰ ਕਾਰਨ ਉਸ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸੀ। ਪੁਲਸ ਨੇ ਬੱਚੇ ਦਾ ਫੋਨ ਜ਼ਬਤ ਕਰ ਲਿਆ ਹੈ ਅਤੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਬੱਚੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।