ਸੰਗਰੂਰ ਵਿਚ ਇਕ ਘਰ ਦੀ ਛੱਤ ਡਿੱਗ ਗਈ। ਦੱਸ ਦੇਈਏ ਕਿ ਇਹ ਘਟਨਾ ਪਿੰਡ ਘਰਾਚੋ ਦੀ ਹੈ, ਜੋ ਵੀਰਵਾਰ ਰਾਤ ਦੀ ਹੈ। ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਇੱਕ ਔਰਤ ਦੀ ਮੌਤ ਹੋ ਗਈ ਤੇ ਭੈਣ-ਭਰਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਮਲਬੇ ਹੇਠ ਦੱਬੇ 3 ਪਰਿਵਾਰਕ ਮੈਂਬਰ
ਪਿੰਡ ਘਰਾਚੋਂ ਦੀ ਚਹਿਲ ਪੱਤੀ ਦੇ ਰਹਿਣ ਵਾਲੇ ਅਮਰੀਕ ਸਿੰਘ ਦੇ 30 ਸਾਲ ਪੁਰਾਣੇ ਮਕਾਨ ਦੀ ਛੱਤ ਦੇਰ ਰਾਤ ਅਚਾਨਕ ਡਿੱਗ ਗਈ, ਜਿਸ ਕਾਰਨ ਅਮਰੀਕ ਸਿੰਘ ਦੀ ਬਜ਼ੁਰਗ ਮਾਤਾ ਜਸਪਾਲ ਕੌਰ, ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਮਲਬੇ ਹੇਠ ਦੱਬ ਗਏ। ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਂਢੀ-ਗੁਆਂਢੀ ਅਤੇ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ।
ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਸੰਗਰੂਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਬਜ਼ੁਰਗ ਜਸਪਾਲ ਕੌਰ ਦੀ ਮੌਤ ਹੋ ਗਈ। ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਇੱਕ ਕਾਰ ਵੀ ਮਲਬੇ ਹੇਠ ਦੱਬ ਜਾਣ ਕਾਰਨ ਨੁਕਸਾਨੀ ਗਈ।
30 ਸਾਲ ਪੁਰਾਣੀ ਸੀ ਘਰ ਦੀ ਛੱਤ
ਪਿੰਡ ਵਾਸੀਆਂ ਨੇ ਦੱਸਿਆ ਕਿ ਘਰ ਦੀ ਛੱਤ ਕਰੀਬ 30 ਸਾਲ ਪੁਰਾਣੀ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।