ਖਬਰਿਸਤਾਨ ਨੈੱਟਵਰਕ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਏਅਰ ਇੰਡੀਆ ਦੀ ਉਡਾਣ AI2403 ਵਿੱਚ ਤਕਨੀਕੀ ਖਰਾਬੀ ਆ ਗਈ। ਉਡਾਣ ਦਿੱਲੀ ਤੋਂ ਕੋਲਕਾਤਾ ਲਈ ਉਡਾਣ ਭਰਨ ਵਾਲੀ ਸੀ ਕਿ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ 155 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੇ ਜਹਾਜ਼ ਨੂੰ ਰੋਕ ਦਿੱਤਾ। ਇਸ ਦੌਰਾਨ ਯਾਤਰੀ ਵੀ ਸਹਿਮ ਗਏ ਸਨ ਤੇ ਉਨ੍ਹਾਂ ਵਿਚ ਹੜਕੰਪ ਮਚ ਗਿਆ।
ਫਲਾਈਟ ਵਿੱਚ ਆਈ ਤਕਨੀਕੀ ਖਰਾਬੀ
ਰਿਪੋਰਟ ਮੁਤਾਬਕ ਫਲਾਈਟ ਵਿਚ ਕੋਈ ਤਕਨੀਕੀ ਖਰਾਬੀ ਆ ਗਈ ਸੀ, ਜਿਸ ਦਾ ਪਤਾ ਪਾਇਲਟ ਨੂੰ ਟੇਕਆਫ ਤੋਂ ਐਨ ਪਹਿਲਾਂ ਲੱਗਾ, ਜਿਸ ਕਾਰਣ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ।ਜਹਾਜ਼ ਵਿੱਚ 160 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਉਤਾਰਿਆ ਗਿਆ। ਇਹ ਘਟਨਾ ਸੋਮਵਾਰ ਨੂੰ ਵਾਪਰੀ।
ਏਅਰ ਇੰਡੀਆ ਦਾ ਬਿਆਨ
ਏਅਰ ਇੰਡੀਆ ਨੇ ਕਿਹਾ ਕਿ ਪਾਇਲਟ ਨੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਉਡਾਣ ਰੱਦ ਕਰਨ ਦਾ ਫੈਸਲਾ ਲਿਆ। ਤਕਨੀਕੀ ਖਰਾਬੀ ਕਾਰਨ ਉਡਾਣ ਰੱਦ ਕਰ ਦਿੱਤੀ ਗਈ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ।ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਪਾਇਲਟ ਦੀ ਤੇਜ਼ ਕਾਰਵਾਈ ਅਤੇ ਸਮਝਦਾਰੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਯਾਤਰੀਆਂ ਦੀ ਸੁਰੱਖਿਆ ਲਈ ਏਅਰਲਾਈਨ ਵੱਲੋਂ ਢੁਕਵੇਂ ਕਦਮ ਵੀ ਚੁੱਕੇ ਗਏ ਸਨ।