ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਪੂਰੀ ਫਲਾਇਟ ਦੀ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਾਂਚ 'ਚ ਸਾਹਮਣੇ ਆਇਆ ਕਿ ਯਾਤਰੀ ਨੇ 1:22 ਵਜੇ ਏਅਰ ਇੰਡੀਆ ਦੇ ਕਾਲ ਸੈਂਟਰ 'ਤੇ ਕਾਲ ਕਰਕੇ ਫਰਜ਼ੀ ਜਾਣਕਾਰੀ ਦਿੱਤੀ ਸੀ।
ਜਾਂਚ 'ਚ ਅਫਵਾਹ ਨਿਕਲੀ ਖਬਰ
ਕੋਚੀ ਹਵਾਈ ਅੱਡੇ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਇਸ ਬਿਆਨ 'ਚ ਕਿਹਾ ਕਿ,ਏਅਰਕ੍ਰਾਫਟ AI 149 'ਚ ਬੰਬ ਹੋਣ ਦੀ ਧਮਕੀ ਮੁੰਬਈ 'ਚ ਏਅਰ ਇੰਡੀਆ ਕਾਲ ਸੈਂਟਰ ਨੂੰ ਮਿਲੀ। ਫਲਾਈਟ ਕੋਚੀ ਤੋਂ ਲੰਡਨ ਗੈਟਵਿਕ ਜਾ ਰਹੀ ਸੀ। ਕੋਚੀ ਏਅਰਪੋਰਟ ਅਤੇ ਏਅਰ ਇੰਡੀਆ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਬੰਬ ਸਕੁਐਡ ਹਵਾਈ ਅੱਡੇ 'ਤੇ ਪਹੁੰਚ ਕੇ ਚੈਕਿੰਗ ਕੀਤੀ। ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਫਰਜ਼ੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਸੁਹੈਬ (29) ਹੈ। ਉਹ ਕੇਰਲ ਦੇ ਮਲਪੁਰਮ ਦਾ ਰਹਿਣ ਵਾਲਾ ਹੈ। ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਦੋਂ ਸੁਹੈਬ ਆਪਣੀ ਪਤਨੀ ਅਤੇ ਬੱਚੇ ਨਾਲ ਕੋਚੀ ਹਵਾਈ ਅੱਡੇ ਦੇ ਡਿਪਾਰਚਰ ਡਿਪਾਰਟਮੈਂਟ 'ਤੇ ਚੈਕਿੰਗ ਕਰ ਰਿਹਾ ਸੀ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ।
13 ਸਾਲ ਦੇ ਬੱਚੇ ਨੇ ਭੇਜੀ ਫਲਾਇਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਏਅਰਪੋਰਟ 'ਤੇ ਬੰਬ ਦੀ ਧਮਕੀ ਵਾਲੀ ਮੇਲ ਭੇਜਣ ਦੇ ਦੋਸ਼ 'ਚ ਐਤਵਾਰ ਨੂੰ 13 ਸਾਲਾ ਲੜਕੇ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ ਬਾਰੇ ਪੁਲਿਸ ਨੇ ਦੱਸਿਆ ਕਿ ਮਨੋਰੰਜਨ ਲਈ ਬੱਚੇ ਨੇ ਇਹ ਮੇਲ ਲਈ ਭੇਜੀ ਸੀ।
41 ਹਵਾਈ ਅੱਡਿਆਂ ਨੂੰ ਮਿਲੀ ਸੀ ਬੰਬ ਦੀ ਧਮਕੀ
19 ਜੂਨ ਨੂੰ 41 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। PM ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਇਲਾਵਾ ਚੇਨਈ, ਪਟਨਾ ਅਤੇ ਜੈਪੁਰ ਸਮੇਤ 41 ਹਵਾਈ ਅੱਡਿਆਂ 'ਤੇ ਬੰਬ ਦੀ ਧਮਕੀ ਵਾਲੇ ਈ-ਮੇਲ ਆਏ ਸਨ, ਜਿਸ ਤੋਂ ਬਾਅਦ ਪੁਲਿਸ ਅਤੇ ਬੰਬ ਸਕੁਐਡ ਨੇ ਹਵਾਈ ਅੱਡੇ 'ਤੇ ਪਹੁੰਚ ਕੇ ਚੈਕਿੰਗ ਕੀਤੀ। ਪਰ ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਸਾਰੀਆਂ ਈ-ਮੇਲ ਗਲਤ ਸਨ।