ਖ਼ਬਰਿਸਤਾਨ ਨੈੱਟਵਰਕ- ਪੰਜਾਬ ਹੜ੍ਹਾਂ ਦੀ ਮਾਰ ਨਾਲ ਜਿਥੇ ਜੂਝ ਰਿਹਾ ਹੈ, ਉਥੇ ਹੀ ਪੰਜਾਬੀ ਗਾਇਕ ਤੇ ਸਮਾਜ ਭਲਾਈ ਸੰਸਥਾਵਾਂ ਹੜ੍ਹ ਪਾੜਤਾਂ ਲਈ ਮਦਦ ਲਈ ਅੱਗੇ ਆ ਰਹੇ ਹਨ। ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਹੜ੍ਹ ਪੀੜਤਾਂ ਦੀ ਮਦਦ ਲਈ ਗੁਰਦਾਸਪੁਰ ਦੇ ਰਾਹਤ ਕੈਂਪ ਵਿੱਚ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਅਸੀਂ ਬੇਘਰ ਲੋਕਾਂ ਲਈ ਘਰ ਬਣਾਵਾਂਗੇ
ਮਨਕੀਰਤ ਔਲਖ ਨੇ ਕਿਹਾ ਕਿ ਅਸੀਂ 5 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਜਿਸ ਵਿੱਚ ਅਸੀਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਘਰ ਬਣਾਵਾਂਗੇ। ਅਸੀਂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਾਂਗੇ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਲੋਕ ਬੇਘਰ ਹੋ ਗਏ ਹਨ। ਅਸੀਂ ਪਹਿਲਾਂ ਹੀ ਮਦਦ ਲਈ 10 ਟਰਾਲੀਆਂ ਭੇਜ ਚੁੱਕੇ ਹਾਂ ਅਤੇ ਲੋਕਾਂ ਦੀ ਸੇਵਾ ਕਰ ਰਹੇ ਹਾਂ।
ਪੰਜਾਬ ਦੇ ਨਾਲ ਖੜ੍ਹੇ ਹੋਣ ਦਾ ਸਮਾਂ
ਮਨਕੀਰਤ ਨੇ ਅੱਗੇ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਮਦਦ ਲਈ ਆਉਣਾ ਚਾਹੁੰਦਾ ਸੀ, ਪਰ ਅੱਜ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਆਪਣੇ ਦੋਸਤਾਂ ਨਾਲ ਖੁਦ ਸੇਵਾ ਕਰਨ ਲਈ ਆਇਆ ਹਾਂ ਕਿਉਂਕਿ ਪੰਜਾਬ ਨੇ ਸਾਡੇ ਵਰਗੇ ਗਾਇਕ ਪੈਦਾ ਕੀਤੇ ਹਨ ਅਤੇ ਅੱਜ ਸਮਾਂ ਹੈ ਕਿ ਪੰਜਾਬ ਨਾਲ ਖੜ੍ਹੇ ਹੋਵੋ।
ਪ੍ਰੀਤ ਕੰਪਨੀ ਟਰੈਕਟਰਾਂ ਦੀ ਮੁਫ਼ਤ ਮੁਰੰਮਤ ਕਰੇਗੀ
ਇਸ ਦੌਰਾਨ, ਮਨਕੀਰਤ ਨੇ ਕਿਹਾ ਕਿ ਪ੍ਰੀਤ ਟਰੈਕਟਰਾਂ ਦੇ ਡਾਇਰੈਕਟਰ ਸਾਡੇ ਨਾਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਹੜ੍ਹਾਂ ਕਾਰਨ ਆਪਣੇ ਟਰੈਕਟਰ ਵਿੱਚ ਕੋਈ ਸਮੱਸਿਆ ਆਉਂਦੀ ਹੈ, ਤਾਂ ਪ੍ਰੀਤ ਕੰਪਨੀ ਉਨ੍ਹਾਂ ਦੇ ਟਰੈਕਟਰਾਂ ਦੀ ਮੁਫ਼ਤ ਮੁਰੰਮਤ ਕਰੇਗੀ, ਭਾਵੇਂ ਉਹ ਕਿਸੇ ਵੀ ਕੰਪਨੀ ਦਾ ਹੋਵੇ। ਅਜਿਹੀ ਸੇਵਾ ਪੰਜਾਬ ਵਿੱਚ ਜਾਰੀ ਰਹੇਗੀ।