ਖਬਰਿਸਤਾਨ ਨੈੱਟਵਰਕ- ਜਲੰਧਰ ਦਾ ਮਸ਼ਹੂਰ ਤੇ ਇਤਿਹਾਸਕ ਮੇਲਾ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ 6 ਸਤੰਬਰ ਯਾਨੀ ਕਿ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਮੇਲੇ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਮੇਲਾ ਅੱਜ ਰਾਤ 12 ਵਜੇ ਤੋਂ ਹੀ ਸ਼ੁਰੂ ਹੋ ਜਾਵੇਗਾ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ
ਸੁਰੱਖਿਆ ਦੇ ਸਖਤ ਇੰਤਜ਼ਾਮ
ਮੇਲੇ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਸ਼ਰਾਰਤੀ ਅਨਸਰਾਂ ਉਤੇ ਪੁਲਸ ਦੀ ਬਾਜ ਅੱਖ ਰਹੇਗੀ ਤਾਂ ਜੋ ਮੇਲੇ ਵਿਚ ਸੁਖਾਵਾਂ ਮਹੌਲ ਬਣਿਆ ਰਹੇ।
ਜਾਣੋ ਬਾਬਾ ਸੋਢਲ ਮੇਲੇ ਦਾ ਇਤਿਹਾਸ ?
ਜਲੰਧਰ ਸ਼ਹਿਰ ਵਿੱਚ ਹਰ ਸਾਲ ਭਾਦੋਂ ਮਹੀਨੇ ਬਾਬਾ ਸੋਢਲ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬ ਦੇ ਮੇਲਿਆਂ ਦੀ ਸੂਚੀ ਵਿੱਚ ਇਸ ਦਾ ਪ੍ਰਮੁੱਖ ਸਥਾਨ ਹੈ। ਇਸ ਮੇਲੇ 'ਚ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸੋਢਲ ਬਾਬਾ ਦੇ ਦਰਸ਼ਨਾਂ ਲਈ ਆਉਂਦੇ ਹਨ।
ਜਲੰਧਰ ਦਾ ਬਾਬਾ ਸੋਢਲ ਮੰਦਰ ਆਪਣੀ ਵਿਲੱਖਣ ਪਰੰਪਰਾ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਲਗਭਗ 500 ਸਾਲ ਪੁਰਾਣੇ ਇਸ ਮੰਦਰ 'ਚ ਪ੍ਰਸ਼ਾਦ ਦੇ ਰੂਪ 'ਚ ਸੰਤਾਨ ਪ੍ਰਾਪਤੀ ਦਾ ਆਸ਼ੀਰਵਾਦ ਦਿੱਤਾ ਜਾਂਦਾ ਹੈ। ਇਸ ਕਾਰਨ ਇਹ ਮੰਦਰ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹੈ। ਹਰ ਸਾਲ ਹਜ਼ਾਰਾਂ ਬੇਔਲਾਦ ਜੋੜੇ ਬੱਚੇ ਦੀ ਇੱਛਾ ਨਾਲ ਇੱਥੇ ਪਹੁੰਚਦੇ ਹਨ ਅਤੇ ਮਨੋਕਾਮਨਾ ਪੂਰੀ ਹੋਣ ਉਤੇ ਢੋਲ ਤੇ ਬੈਂਡ ਵਾਜਿਆਂ ਨਾਲ ਮੇਲੇ ਉਤੇ ਦੂਰੋਂ ਦੂਰੋਂ ਮੱਥਾ ਟੇਕਣ ਲਈ ਆਉਂਦੇ ਹਨ।
ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ
ਇਸ ਦੇ ਨਾਲ ਹੀ ਸੋਢਲ ਮੰਦਿਰ ਵਿੱਚ ਪ੍ਰਸਿੱਧ ਇਤਿਹਾਸਕ ਸੋਢਲ ਸਰੋਵਰ ਹੈ ਜਿੱਥੇ ਸੋਢਲ ਬਾਬਾ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਗਈ ਹੈ। ਸ਼ਰਧਾਲੂ ਇਸ ਪਵਿੱਤਰ ਝੀਲ ਦੇ ਪਾਣੀ ਦਾ ਛਿੜਕਾਅ ਕਰਦੇ ਹਨ ਅਤੇ ਇਸ ਨੂੰ ਚਰਨਾਮ੍ਰਿਤ ਵਾਂਗ ਪੀਂਦੇ ਹਨ। ਇਸ ਦਿਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਬਾਬਾ ਸੋਢਲ ਦੇ ਦਰਸ਼ਨਾਂ ਲਈ ਆਉਂਦੇ ਹਨ। ਮੇਲੇ ਤੋਂ 2-3 ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਸ਼ਰਧਾਲੂਆਂ ਦੀ ਭੀੜ ਮੇਲੇ ਤੋਂ ਬਾਅਦ ਵੀ 2-3 ਦਿਨ ਜਾਰੀ ਰਹਿੰਦੀ ਹੈ।
ਬਾਬਾ ਸੋਢਲ ਜੀ ਦਾ ਜਨਮ
ਬਾਬ ਸੋਢਲ ਜੀ ਦਾ ਜਨਮ ਜਲੰਧਰ ਸ਼ਹਿਰ ਵਿੱਚ ਹੋਇਆ। ਕਿਹਾ ਜਾਂਦਾ ਹੈ ਕਿ ਜਦੋਂ ਸੋਢਲ ਬਾਬਾ ਜੀ ਬਹੁਤ ਛੋਟੇ ਸਨ ਤਾਂ ਉਹ ਆਪਣੀ ਮਾਂ ਨਾਲ ਇਕ ਤਲਾਅ 'ਤੇ ਗਏ। ਮਾਤਾ ਜੀ ਕੱਪੜੇ ਧੋਣ ਵਿਚ ਰੁੱਝੇ ਹੋਏ ਸਨ ਅਤੇ ਨੇੜੇ ਹੀ ਬਾਬਾ ਜੀ ਖੇਡ ਰਹੇ ਸਨ। ਮਾਤਾ ਨੇ ਬਾਬਾ ਸੋਢਲ ਨੂੰ ਤਲਾਅ ਦੇ ਨੇੜੇ ਆਉਣ ਤੋਂ ਕਈ ਵਾਰ ਰੋਕਿਆ ਅਤੇ ਗੁੱਸਾ ਵੀ ਕੀਤਾ।
ਜਦੋਂ ਬਾਬਾ ਜੀ ਨਾ ਮੰਨੇ ਤਾਂ ਮਾਤਾ ਜੀ ਨੇ ਉਨ੍ਹਾਂ ਨੂੰ ਗੁੱਸੇ ਵਿੱਚ ਸਰਾਪ ਦਿੱਤਾ ਅਤੇ ਕਿਹਾ ਕਿ ਜਾਓ ਤਲਾਅ ਵਿਚ ਛਾਲ ਮਾਰ ਦਿਓ। ਇਸ ਗੁੱਸੇ ਪਿੱਛੇ ਮਾਂ ਦਾ ਪਿਆਰ ਛੁਪਿਆ ਹੋਇਆ ਸੀ। ਬਾਬਾ ਸੋਢਲ ਨੇ ਮਾਂ ਦੇ ਕਹੇ ਅਨੁਸਾਰ ਤਲਾਅ ਵਿੱਚ ਛਾਲ ਮਾਰ ਦਿੱਤੀ। ਪੁੱਤ ਦੇ ਤਲਾਅ 'ਚ ਛਾਲ ਮਾਰਨ 'ਤੇ ਮਾਂ ਨੇ ਸੋਗ ਮਨਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਬਾਬਾ ਜੀ ਪਵਿੱਤਰ ਨਾਗ ਦੇਵਤਾ ਦੇ ਰੂਪ ਵਿੱਚ ਪ੍ਰਗਟ ਹੋਏ।