ਜਲੰਧਰ ਵਿੱਚ ਚੋਰੀ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਮਹਾਂਨਗਰ ਦੇ ਇੱਕ ਪਾਸ਼ ਇਲਾਕੇ ਮਾਡਲ ਟਾਊਨ ਤੋਂ ਸਾਹਮਣੇ ਆਇਆ ਹੈ, ਜਿੱਥੇ ਗੀਤਾ ਮੰਦਰ ਨੂੰ ਚੋਰ ਨੇ ਨਿਸ਼ਾਨਾ ਬਣਾਇਆ। ਇਹ ਘਟਨਾ ਦੇਰ ਰਾਤ ਵਾਪਰੀ, ਜਿੱਥੇ ਚੋਰ ਮੰਦਰ ਦੀ ਤਿਜੋਰੀ ਵਿੱਚੋਂ ਹਜ਼ਾਰਾਂ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਪੁਲਸ ਜਾਂਚ ਵਿੱਚ ਜੁਟੀ
ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੋਰ ਬਹੁਤ ਆਰਾਮ ਨਾਲ ਤਿਜੋਰੀ ਵਿੱਚੋਂ ਪੈਸੇ ਕੱਢ ਰਿਹਾ ਹੈ। ਚੋਰ ਰਾਤ 2 ਵਜੇ ਮੰਦਰ ਵਿੱਚ ਦਾਖਲ ਹੋਇਆ ਅਤੇ 3 ਦਾਨ ਪੇਟੀਆਂ ਤੋੜ ਕੇ ਪੈਸੇ ਲੈ ਕੇ ਭੱਜ ਗਿਆ। ਸਵੇਰੇ ਪੰਡਤ ਨੇ ਮੰਦਰ ਦੇ ਮੁਖੀ ਵਿਜੇ ਖੁੱਲਰ ਨੂੰ ਘਟਨਾ ਬਾਰੇ ਦੱਸਿਆ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੇ ਖੁੱਲਰ ਨੇ ਦੱਸਿਆ ਕਿ ਚੋਰ ਤਿਜੋਰੀ ਵਿੱਚੋਂ 15 ਤੋਂ 20 ਹਜ਼ਾਰ ਰੁਪਏ ਲੈ ਕੇ ਭੱਜ ਗਿਆ। ਇਸ ਘਟਨਾ ਦੀ ਸੂਚਨਾ ਥਾਣਾ ਨੰਬਰ 6 ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।