ਜਲੰਧਰ ਮਾਡਲ ਟਾਊਨ ਦੇ ਸਤ ਕਰਤਾਰ ਨਗਰ 'ਚ ਇਕ ਘਰ 'ਚੋਂ ਚੋਰ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ। ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੂੰ ਦਿੱਤੀ ਹੈ।
ਔਰਤ ਗੁਆਂਢੀ ਦੇ ਘਰ ਗਈ ਹੋਈ ਸੀ
ਪੀੜਤ ਔਰਤ ਗੁਰਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਸ੍ਰੀ ਸਹਿਜ ਪਾਠ ਰੱਖਣਾ ਸੀ, ਜਿਸ ਲਈ ਉਹ ਸੱਦਾ ਪੱਤਰ ਦੇਣ ਲਈ ਉਹ ਸ਼ੁੱਕਰਵਾਰ ਦੁਪਹਿਰ ਕਰੀਬ 2.30 ਵਜੇ ਆਪਣੇ ਗੁਆਂਢੀ ਦੇ ਘਰ ਗਈ ਸੀ। ਜਦੋਂ ਉਹ ਘਰੋਂ ਨਿਕਲੀ ਤਾਂ ਉਨ੍ਹਾਂ ਘਰ ਨੂੰ ਤਾਲਾ ਲਾਇਆ ਹੋਇਆ ਸੀ।
40 ਮਿੰਟਾਂ ਵਿੱਚ ਚੋਰੀ
ਉਨਾਂ ਅੱਗੇ ਦੱਸਿਆ ਕਿ ਜਦੋਂ ਉਹ 40 ਮਿੰਟਾਂ ਬਾਅਦ ਘਰ ਪਰਤੀ ਤਾਂ ਦੇਖਿਆ ਕਿ ਮੇਨ ਗੇਟ ਖੁੱਲ੍ਹਾ ਸੀ। ਉਹ ਤੁਰੰਤ ਆਪਣੇ ਕਮਰੇ ਵਿੱਚ ਭੱਜੀ ਅਤੇ ਦੇਖਿਆ ਕਿ ਸਾਰੇ ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਬਾਹਰ ਖਿਲਰਿਆ ਪਿਆ ਸੀ। ਚੋਰਾਂ ਨੇ ਉਨ੍ਹਾਂ ਦੀਆਂ ਅਲਮਾਰੀਆਂ 'ਚੋਂ 20 ਲੱਖ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ।
ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਉਕਤ ਚੋਰ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚੋਂ ਮਿਲੀ ਹੈ, ਜਿਸ ਦੇ ਆਧਾਰ 'ਤੇ ਉਸ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।