ਅੰਮ੍ਰਿਤਸਰ ਵਿੱਚ ਅਟਾਰੀ ਬਾਰਡਰ, ਫਾਜ਼ਿਲਕਾ ਵਿੱਚ ਸੈਦੇਕੇ ਚੌਂਕੀ ਅਤੇ ਫ਼ਿਰੋਜ਼ਪੁਰ ਵਿੱਚ ਹੁਸੈਨੀਵਾਲਾ ਬਾਰਡਰ ਉੱਤੇ ਹਰ ਸ਼ਾਮ ਰਿਟਰੀਟ ਸਮਾਰੋਹ ਹੁੰਦੇ ਹਨ। ਹੁਣ ਸਰਹੱਦ 'ਤੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਸਮਾਰੋਹ ਨੂੰ ਦੇਖਣ ਲਈ ਹਰ ਰੋਜ਼ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਸੈਲਾਨੀ ਇਨ੍ਹਾਂ ਸਰਹੱਦਾਂ 'ਤੇ ਪਹੁੰਚਦੇ ਹਨ। ਮੌਸਮ 'ਚ ਬਦਲਾਅ ਕਾਰਨ ਜੋ ਰਿਟਰੀਟ ਸੈਰੇਮਨੀ ਸ਼ਾਮ 5 ਵਜੇ ਹੋਣੀ ਸੀ, ਹੁਣ ਸ਼ਾਮ 4.30 ਵਜੇ ਹੋਵੇਗੀ। ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਰੀਟਰੀਟ ਸਮਾਰੋਹ ਵਿੱਚ ਹਿੱਸਾ ਲੈਂਦੇ ਹਨ।
ਲਗਭਗ 40 ਮਿੰਟ ਤੱਕ ਚੱਲਦਾ ਹੈ ਰੀਟਰੀਟ ਸਮਾਰੋਹ
ਸਰਹੱਦ 'ਤੇ ਇਹ ਰਿਟਰੀਟ ਸਮਾਰੋਹ ਲਗਭਗ 40 ਮਿੰਟ ਤੱਕ ਚੱਲਦਾ ਹੈ। ਇਸ ਰਿਟਰੀਟ ਸਮਾਰੋਹ ਦੌਰਾਨ ਸਮੁੱਚਾ ਮਾਹੌਲ ਦੇਸ਼ ਭਗਤੀ ਨਾਲ ਰੰਗਿਆ ਜਾਂਦਾ ਹੈ। ਇੱਕ ਪਾਸੇ ਭਾਰਤੀ ਫੌਜੀ ਭਾਰਤੀ ਸਰਹੱਦ 'ਤੇ ਭਾਰਤ ਮਾਤਾ ਦੀ ਉਸਤਤ ਵਿੱਚ ਨਾਅਰੇ ਲਗਾਉਂਦੇ ਹਨ, ਜਦਕਿ ਦੂਜੇ ਪਾਸੇ ਪਾਕਿਸਤਾਨੀ ਫੌਜੀ ਆਪਣੀ ਸਰਹੱਦ 'ਤੇ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਆਪਣੀ ਦੇਸ਼ ਭਗਤੀ ਨੂੰ ਉਜਾਗਰ ਕਰਦੇ ਹਨ। ਇਸ ਰੀਟਰੀਟ ਸਮਾਰੋਹ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਅਤੇ ਸਦਭਾਵਨਾ ਦਾ ਮਾਹੌਲ ਬਣਾਉਣਾ ਵੀ ਹੈ।
ਸਤਿਕਾਰ ਨਾਲ ਉਤਾਰਿਆ ਜਾਂਦਾ ਭਾਰਤ-ਪਾਕਿ ਦਾ ਝੰਡਾ
ਇਸ ਦੌਰਾਨ ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਉਂਦੇ ਹਨ। ਜੇਕਰ ਵਾਹਗਾ ਬਾਰਡਰ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤਸਰ ਤੋਂ 27 ਕਿਲੋਮੀਟਰ ਦੀ ਦੂਰੀ 'ਤੇ ਹੈ। ਵਾਹਗਾ ਬਾਰਡਰ 'ਤੇ ਰੀਟਰੀਟ ਸਮਾਰੋਹ ਸਾਲ 1959 ਵਿੱਚ ਸ਼ੁਰੂ ਹੋਇਆ ਸੀ। ਰੀਟਰੀਟ ਸਮਾਰੋਹ ਦੌਰਾਨ ਸਰਹੱਦ ਨੂੰ ਰਸਮੀ ਤੌਰ 'ਤੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਦੇ ਝੰਡੇ ਸਤਿਕਾਰ ਨਾਲ ਝੁਕਾਏ ਜਾਂਦੇ ਹਨ।