ਜਲੰਧਰ ਵਿਚ ਅਦਾਲਤੀ ਕੰਪਲੈਕਸ ਦੇ ਵਕੀਲਾਂ ਨੇ ਅੱਜ ਕੰਮ-ਕਾਜ ਬੰਦ ਕਰ ਕੇ ਨੋ ਵਰਕ ਡੇਅ ਰੱਖਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਆਰ.ਕੇ ਭੱਲਾ ਨੇ ਦੱਸਿਆ ਕਿ ਬਿਲਡਿੰਗ ਦੀ ਮਾੜੀ ਹਾਲਤ ਨੂੰ ਲੈ ਕੇ ਉਹ ਕਈ ਵਾਰ ਸੀ.ਐਮ ਭਗਵੰਤ ਮਾਨ ਨਾਲ ਗੱਲ ਕਰ ਚੁੱਕੇ ਹਨ ਪਰ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਹੈ।
ਵਕੀਲਾਂ ਨੂੰ ਇਹ ਆ ਰਹੀਆਂ ਪ੍ਰੇਸ਼ਾਨੀਆਂ
ਵਕੀਲ ਨੇ ਕਿਹਾ ਕਿ ਅਦਾਲਤ ਵਿੱਚ ਨਾ ਤਾਂ ਕੋਈ ਏਅਰ ਕੰਡੀਸ਼ਨ ਚੱਲ ਰਿਹਾ ਹੈ ਅਤੇ ਨਾ ਹੀ ਸਫ਼ਾਈ ਦੇ ਪੁਖਤਾ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇੱਥੇ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਕਾਰਨ ਵਕੀਲਾਂ ਨੇ ਆਪਣੇ ਪੱਧਰ 'ਤੇ ਬਾਹਰ ਆਉਣ ਦਾ ਵੱਖਰਾ ਰਾਹ ਤਿਆਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਕੰਮ-ਕਾਜ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਇੱਥੇ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਮਸਲਾ ਹੱਲ ਨਾ ਹੋਣ ਕਾਰਨ ਵਕੀਲਾਂ ਨੇ ਅੱਜ ਆਮ ਜਨਤਾ ਦੇ ਹਿੱਤ ਵਿੱਚ ਇਕੱਠੇ ਹੋ ਕੇ ਨੋ ਵਰਕ ਡੇਅ ਰੱਖਿਆ ਹੈ।
ਬਾਥਰੂਮ ਦੇ ਦਰਵਾਜ਼ੇ ਤੱਕ ਟੁੱਟੇ
ਅਦਾਲਤ ਦੀ ਹਾਲਤ ਇੰਨੀ ਮਾੜੀ ਹੈ ਕਿ ਬਾਥਰੂਮ ਦੇ ਦਰਵਾਜ਼ੇ ਟੁੱਟੇ ਹੋਏ ਹਨ ਅਤੇ ਰੰਗ ਰੋਗਨ ਹੋਣ ਵਾਲਾ ਹੈ। ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
ਸਮੱਸਿਆਵਾਂ ਸਬੰਧੀ ਕਰਵਾਇਆ ਸੀ ਜਾਣੂ
ਇੱਕ ਹੋਰ ਵਕੀਲ ਨੇ ਦੱਸਿਆ ਕਿ ਵਕੀਲਾਂ ਵੱਲੋਂ 3 ਅਗਸਤ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਜਿਸ ਵਿੱਚ ਬਾਰ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ ਸੀ। ਇਸ ਵਿੱਚ ਕਪੂਰਥਲਾ ਚੌਕ ਤੋਂ ਇੱਥੇ ਜੁਵੇਲਾਈਨ ਕੋਰਟ ਲਿਆਂਦੀ ਜਾਵੇ, ਦੂਸਰੀ ਬੇਨਤੀ ਸੀ ਕਿ ਅਦਾਲਤ ਦੀ ਬਿਲਡਿੰਗ ਬਹੁਤ ਮਾੜੀ ਹਾਲਤ ਵਿੱਚ ਹੈ।
ਬਰਸਾਤੀ ਮੌਸਮ ਦੌਰਾਨ ਖੜ੍ਹਾ ਰਹਿੰਦੈ ਮੀਂਹ ਦਾ ਪਾਣੀ
ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਮੀਂਹ ਦਾ ਪਾਣੀ ਇੰਨਾ ਖੜ੍ਹਾ ਹੋ ਜਾਂਦਾ ਹੈ ਕਿ ਇਸ ਦੌਰਾਨ ਕੋਈ ਵੀ ਅਦਾਲਤ ਦੀ ਚਾਰਦੀਵਾਰੀ ਵਿੱਚ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਇਸ ਮੰਗ ਤੋਂ ਬਾਅਦ ਹੁਣ ਤੱਕ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਲੈ ਕੇ ਬੁਲਾਇਆ ਹੈ ਅਤੇ ਨਾ ਹੀ ਲੋਕ ਨਿਰਮਾਣ ਵਿਭਾਗ ਦਾ ਕੋਈ ਅਧਿਕਾਰੀ ਸਮੱਸਿਆ ਸੁਣਨ ਆਇਆ ਹੈ, ਜਿਸ ਕਾਰਨ ਅੱਜ ਸਾਰੇ ਵਕੀਲਾਂ ਨੇ ਕੰਮ-ਕਾਜ ਠੱਪ ਰੱਖਿਆ ਹੈ।