ਗੁਰਦਾਸਪੁਰ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਦੋਸਤਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮੀਂਹ ਦੌਰਾਨ ਬਾਈਕ 'ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਦੀਨਾਨਗਰ ਜਾ ਰਹੇ ਦੋ ਦੋਸਤਾਂ ਦੀ ਤੇਜ਼ ਰਫਤਾਰ ਇਨੋਵਾ ਗੱਡੀ ਨਾਲ ਟੱਕਰ ਹੋ ਗਈ, ਇਸ ਹਾਦਸੇ ਵਿਚ ਦੋਵਾਂ ਦੀ ਜਾਨ ਚਲੀ ਗਈ।
ਪਛਾਣ
ਮ੍ਰਿਤਕਾਂ ਦੀ ਪਛਾਣ ਹਿਤੇਸ਼ ਅਗਰਵਾਲ (25) ਪੁੱਤਰ ਮਨੋਜ ਸਿੰਗਲਾ ਵਾਸੀ ਰੇਲਵੇ ਰੋਡ ਅਤੇ ਵਰੁਣ ਮਹਾਜਨ (25) ਪੁੱਤਰ ਭਾਰਤ ਭੂਸ਼ਣ ਮਹਾਜਨ ਵਾਸੀ ਗੁਰੂ ਨਾਨਕ ਗਲੀ, ਗਾਂਧੀ ਗੇਟ ਵਜੋਂ ਹੋਈ ਹੈ।
ਹਿਤੇਸ਼ ਅਗਰਵਾਲ ਐਮਬੀਏ ਪਾਸ ਸੀ ਅਤੇ ਆਪਣੇ ਪਿਤਾ ਨਾਲ ਕਾਰੋਬਾਰ ਚਲਾਉਂਦਾ ਸੀ, ਜਦੋਂ ਕਿ ਵਰੁਣ ਮਹਾਜਨ ਬੀ ਫਾਰਮੇਸੀ ਕਰ ਕੇ ਇੱਕ ਕੰਪਨੀ ਵਿੱਚ ਐਮਆਰ ਵਜੋਂ ਕੰਮ ਕਰਦਾ ਸੀ। ਉਹ ਆਪਣੇ ਪਿਤਾ ਨਾਲ ਵੀ ਕੰਮ ਕਰਦਾ ਸੀ ਜੋ ਗੁਰਦਾਸਪੁਰ ਵਿੱਚ ਮੈਡੀਕਲ ਸਟੋਰ ਚਲਾਉਂਦਾ ਸੀ।
ਕਿਵੇਂ ਵਾਪਰਿਆ ਹਾਦਸਾ
ਸ਼ੁੱਕਰਵਾਰ ਰਾਤ ਨੂੰ ਦੋਵੇਂ ਬਾਈਕ 'ਤੇ ਗੁਰਦਾਸਪੁਰ ਤੋਂ ਦੀਨਾਨਗਰ ਵਾਪਸ ਆ ਰਹੇ ਸਨ। ਉਸ ਸਮੇਂ ਮੀਂਹ ਪੈ ਰਿਹਾ ਸੀ। ਰਾਤ ਕਰੀਬ 10 ਵਜੇ ਜਦੋਂ ਉਹ ਦੋਵੇਂ ਸ਼ਹਿਰ ਦੇ ਜੀ.ਟੀ ਰੋਡ 'ਤੇ ਸਥਿਤ ਭਾਰਤ ਇੰਡਸਟਰੀਜ਼ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਅੱਗੇ ਜਾ ਰਹੀ ਆਲਟੋ ਕਾਰ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।
ਮੌਕੇ ਉਤੇ ਪੁੱਜੀ ਪੁਲਸ
ਪੁਲਸ ਨੇ ਇਨੋਵਾ ਚਾਲਕ ਨਰਦੇਵ ਸਿੰਘ ਪੁੱਤਰ ਸ਼ਿਵਦੇਵ ਸਿੰਘ ਵਾਸੀ ਆਰੀਆ ਨਗਰ ਦੀਨਾਨਗਰ ਨੂੰ ਹਿਰਾਸਤ ਵਿੱਚ ਲੈ ਕੇ ਇਨੋਵਾ ਜ਼ਬਤ ਕਰ ਲਈ ਹੈ। ਹਾਦਸੇ ਸਬੰਧੀ ਥਾਣਾ ਦੀਨਾਨਗਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ।