ਮੋਗਾ ਦੇ ਧਰਮਕੋਟ 'ਚ ਕਮਾਲਕੇ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਕਈ ਸਵਾਰੀਆਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਜਲੰਧਰ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਟਾਟਾ ਪਿਕਅੱਪ ਨਾਲ ਟਕਰਾ ਗਈ। ਇਸ ਦੌਰਾਨ ਬੱਸ ਕਈ ਫੁੱਟ ਸਾਈਡ 'ਤੇ ਹੇਠਾਂ ਡਿੱਗ ਗਈ। ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਜਾਂਚ ਜਾਰੀ ਹੈ।
ਧਰਮਕੋਟ-ਮੋਗਾ ਸੜਕ ‘ਤੇ ਵਾਪਰਿਆ ਹਾਦਸਾ
ਇਹ ਹਾਦਸਾ ਧਰਮਕੋਟ-ਮੋਗਾ ਸੜਕ ‘ਤੇ ਵਾਪਰਿਆ, ਜਿਥੇ ਪੰਜਾਬ ਰੋਡਵੇਜ਼ ਬੱਸ ਤੇ ਪਿਕਅੱਪ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਰੋਡਵੇਜ਼ ਦੀ ਬੱਸ ਤੇ ਗੱਡੀ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਤੋਂ ਕਈ ਫੁੱਟ ਹੇਠਾਂ ਜਾ ਡਿੱਗੀ, ਜਦਕਿ ਪਿਕਅੱਪ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਕਈ ਸਵਾਰੀਆਂ ਜ਼ਖਮੀ ਹੋਈਆਂ, ਜਿਨ੍ਹਾਂ ਨੂੰ ਐਂਬੁਲੈਂਸ ਰਾਹੀਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ
ਹਾਦਸੇ 'ਚ 3 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ 'ਚ ਬੱਸ ਪੁਲ ਤੋਂ 20 ਫੁੱਟ ਹੇਠਾਂ ਡਿੱਗ ਗਈ। ਹਾਦਸੇ 'ਚ ਸਵਾਰੀਆਂ 'ਚ ਹਫੜਾ-ਦਫੜੀ ਮਚ ਗਈ। ਸਵਾਰੀਆਂ ਮੁਤਾਬਕ ਬੱਸ ਡਰਾਈਵਰ ਫੋਨ 'ਤੇ ਗੱਲ ਕਰਨ 'ਚ ਰੁੱਝਿਆ ਹੋਇਆ ਸੀ। ਯਾਤਰੀਆਂ ਨੇ ਕਈ ਵਾਰ ਫੋਨ 'ਤੇ ਗੱਲ ਕਰਦੇ ਹੋਏ ਡਰਾਈਵਰ ਨੂੰ ਰੋਕਿਆ।
ਹਾਦਸੇ ਸਮੇਂ ਸਕੂਲ ਬੱਸ ਪਿੱਛੇ ਤੋਂ ਆ ਰਹੀ ਸੀ
ਜਦੋਂ ਇਹ ਹਾਦਸਾ ਹੋਇਆ ਤਾਂ ਇਕ ਸਕੂਲੀ ਬੱਸ ਵੀ ਪਿੱਛੇ ਤੋਂ ਆ ਰਹੀ ਸੀ। ਖੁਸ਼ਕਿਸਮਤੀ ਰਹੀ ਕਿ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਨਹੀਂ ਹੋਈ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ 'ਚ ਜ਼ਖਮੀਆਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਮੋਗਾ ਲਈ ਰੈਫਰ ਕਰ ਦਿੱਤਾ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਹਾਦਸੇ 'ਚ ਪਿਕਅੱਪ ਦੇ ਪਰਖੱਚੇ ਉਡ ਗਏ।