PM ਇੰਟਰਨਸ਼ਿਪ ਯੋਜਨਾ ਤਹਿਤ ਨੌਜਵਾਨਾਂ ਨੂੰ ਸਿਖਲਾਈ ਦਾ ਇੱਕ ਚੰਗਾ ਮੌਕਾ ਮਿਲੇਗਾ | ਇਸ ਸਾਲ ਆਮ ਬਜਟ ਵਿੱਚ ਸਰਕਾਰ ਨੇ ਭਾਰਤ ਦੇ ਨੌਜਵਾਨਾਂ ਨੂੰ ਚੋਟੀ ਦੀਆਂ ਭਾਰਤੀ ਕੰਪਨੀਆਂ ਵਿੱਚ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਸੀ। ਸਰਕਾਰ ਦੇ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਨੂੰ ਭੱਤਾ ਵੀ ਦਿੱਤਾ ਜਾਵੇਗਾ | ਹੁਣ ਨੌਜਵਾਨਾਂ ਨੂੰ ਦੇਸ਼ ਦੀਆਂ 100 ਵੱਡੀਆਂ ਕੰਪਨੀਆਂ ’ਚ ਇੰਟਰਨਸ਼ਿਪ ਸਕੀਮ 2024 ਕਰਨ ਦਾ ਮੌਕਾ ਮਿਲੇਗਾ ।
ਇਸ ਪ੍ਰੋਗਰਾਮ 'ਚ 111 ਤੋਂ ਵੱਧ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। ਇਸ 'ਚ ਰਿਲਾਇੰਸ ਇੰਡਸਟਰੀਜ਼, TCS, HDFC ਬੈਂਕ, ONGC, Infosys, NTPC, ਟਾਟਾ ਸਟੀਲ, ITC, ਇੰਡੀਅਨ ਆਇਲ, ICICI ਬੈਂਕ, ਵਿਪਰੋ, ਮਹਿੰਦਰਾ ਐਂਡ ਮਹਿੰਦਰਾ, HUL, JSW ਸਟੀਲ ਵਰਗੀਆਂ ਨਾਮਵਰ ਕੰਪਨੀਆਂ ਸ਼ਾਮਲ ਹਨ। ਸੂਤਰਾਂ ਅਨੁਸਾਰ ਇਸ ਯੋਜਨਾ 'ਚ ਸਰਕਾਰੀ ਨੌਕਰੀਆਂ ਵਾਂਗ SC/ST ਅਤੇ OBC ਲਈ 50% ਰਾਖਵਾਂਕਰਨ ਹੋਵੇਗਾ।
ਜਾਣਕਾਰੀ ਅਨੁਸਾਰ ਇਨ੍ਹਾਂ ਕੰਪਨੀਆਂ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (ਐਮਸੀਏ) ਪੋਰਟਲ ‘ਤੇ ਕੁੱਲ 1,077 ਆਫਰ ਪੇਸ਼ ਕੀਤੇ ਹਨ, ਜੋ 12 ਅਕਤੂਬਰ ਨੂੰ ਅਰਜ਼ੀਆਂ ਲਈ ਲਾਈਵ ਹੋ ਜਾਣਗੀਆਂ। ਚੁਣੇ ਗਏ ਸਿਖਿਆਰਥੀਆਂ ਦੀ ਅਸਲ ਟ੍ਰੇਨਿੰਗ 2 ਦਸੰਬਰ ਤੋਂ ਸ਼ੁਰੂ ਹੋਵੇਗੀ ਤੇ ਸਿਖਲਾਈ ਦੀ ਮਿਆਦ 12 ਮਹੀਨੇ ਹੋਵੇਗੀ।
ਇਨ੍ਹਾਂ ਸ਼ਰਤਾਂ ਦੇ ਅਧੀਨ ਹੀ ਕਰ ਸਕਦੇ ਹਨ ਅਪਲਾਈ
ਜਿਹੜੇ ਉਮੀਦਵਾਰ ਗ੍ਰੇਡ 10 (ਹਾਈ ਸਕੂਲ) ਤੇ ਇਸ ਤੋਂ ਵੱਧ ਪਾਸ ਹਨ ਤੇ ਜਿਹੜੇ 21-24 ਸਾਲ ਦੀ ਉਮਰ ਦੇ ਹਨ, ਉਹ ਸ਼ਰਤਾਂ ਦੇ ਅਧੀਨ ਅਪਲਾਈ ਕਰਨ ਦੇ ਯੋਗ ਹਨ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ 5,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਵਿੱਚੋਂ 4,500 ਰੁਪਏ ਸਰਕਾਰ ਵੱਲੋਂ ਅਤੇ 500 ਰੁਪਏ ਕੰਪਨੀ ਵੱਲੋਂ ਆਪਣੇ ਸੀਐਸਆਰ ਫੰਡ ਵਿੱਚੋਂ ਦਿੱਤੇ ਜਾਣਗੇ।
ਇਸ ਸਕੀਮ ਦਾ ਉਦੇਸ਼ ਵਿੱਤੀ ਸਾਲ 2025 ਵਿੱਚ 1,25,000 ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਇਸ ਵਿੱਚ 800 ਕਰੋੜ ਰੁਪਏ ਦਾ ਵਿੱਤੀ ਖਰਚ ਸ਼ਾਮਲ ਹੈ। ਇਸ ਯੋਜਨਾ ਤਹਿਤ ਪੰਜ ਸਾਲਾਂ ਦੀ ਮਿਆਦ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਹਨ।