ਮਹਾਰਾਸ਼ਟਰ ਦੇ ਠਾਣੇ ਦੇ ਇੱਕ ਸਕੂਲ ਵਿੱਚ ਦੋ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕ ਗੁੱਸੇ 'ਚ ਆ ਗਏ ਅਤੇ ਇਕੱਠੇ ਹੋ ਕੇ ਸਕੂਲ 'ਤੇ ਹਮਲਾ ਕਰ ਦਿੱਤਾ ਅਤੇ ਭੰਨਤੋੜ ਕੀਤੀ। ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਬੁਲਾਈ ਗਈ। ਪਰ ਗੁੱਸੇ ਵਿੱਚ ਆਈ ਭੀੜ ਅਤੇ ਪੁਲਿਸ ਵਿਚਾਲੇ ਵੀ ਝੜਪ ਹੋਈ।
ਗੁੱਸੇ 'ਚ ਆਈ ਭੀੜ ਨੇ ਟ੍ਰੇਨਾਂ ਰੋਕੀਆਂ
ਇਸ ਘਟਨਾ ਤੋਂ ਬਾਅਦ ਭੀੜ ਇੰਨੀ ਗੁੱਸੇ 'ਚ ਆ ਗਈ ਕਿ ਉਨ੍ਹਾਂ ਨੇ ਬਦਲਾਪੁਰ 'ਚ ਟਰੇਨਾਂ ਨੂੰ ਰੋਕ ਦਿੱਤਾ। ਮਾਮਲਾ ਵਧਦਾ ਦੇਖ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਘਟਨਾ 'ਚ ਹੁਣ ਤੱਕ ਦਰਜਨਾਂ ਲੋਕ ਜ਼ਖਮੀ ਹੋ ਚੁੱਕੇ ਹਨ।
ਸਕੂਲ ਦੇ ਬਾਥਰੂਮ 'ਚ ਲੜਕੀਆਂ ਨਾਲ ਕੀਤੀ ਛੇੜਛਾੜ
16 ਅਗਸਤ ਨੂੰ ਸਕੂਲ ਦੇ ਬਾਥਰੂਮ ਵਿੱਚ ਇੱਕ ਅਧਿਆਪਕ ਵੱਲੋਂ ਦੋ ਸਕੂਲੀ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਜਿਸ ਤੋਂ ਬਾਅਦ 17 ਅਗਸਤ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਮਾਮਲਾ ਦਰਜ ਕਰ ਲਿਆ।
ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਘਟਨਾ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਅਕਸ਼ੈ ਸ਼ਿੰਦੇ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਸਕੂਲ ਦੇ ਪ੍ਰਿੰਸੀਪਲ, ਕਲਾਸ ਟੀਚਰ ਅਤੇ ਇੱਕ ਮਹਿਲਾ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।