ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੀ ਪਹਿਲੀ ਪਸੰਦ ਵਜੋਂ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਰਹੇ ਕ੍ਰਿਕਟਰ ਯੁਵਰਾਜ ਸਿੰਘ ਨੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਹੈ।
ਯੁਵਰਾਜ ਸਿੰਘ ਨੇ ਟਵਿੱਟਰ 'ਤੇ ਲਿਖਿਆ, ''ਮੀਡੀਆ 'ਚ ਮੇਰੇ ਚੋਣ ਲੜਨ ਦੀਆਂ ਖਬਰਾਂ ਆ ਰਹੀਆਂ ਹਨ ਪਰ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ। ਮੈਨੂੰ ਵੱਖ-ਵੱਖ ਪੱਧਰਾਂ 'ਤੇ ਲੋਕਾਂ ਦਾ ਸਮਰਥਨ ਕਰਨਾ ਅਤੇ ਮਦਦ ਕਰਨਾ ਪਸੰਦ ਹੈ। ਮੈਂ ਆਪਣੀ ਫਾਊਂਡੇਸ਼ਨ @YOUWECAN ਰਾਹੀਂ ਇਹ ਕੰਮ ਕਰਨਾ ਜਾਰੀ ਰੱਖਾਂਗਾ। ਆਓ ਅਸੀਂ ਆਪਣੀ ਸਭ ਤੋਂ ਉੱਤਮ ਯੋਗਤਾ ਅਨੁਸਾਰ ਬਦਲਾਅ ਦੀ ਕੋਸ਼ਿਸ਼ ਜਾਰੀ ਰੱਖੀਏ।”
ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਯੁਵਰਾਜ ਸਿੰਘ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਸਕਦੇ ਹਨ। ਫਿਲਮ ਅਦਾਕਾਰ ਸੰਨੀ ਦਿਓਲ ਇੱਥੋਂ ਭਾਜਪਾ ਦੇ ਸੰਸਦ ਮੈਂਬਰ ਹਨ। ਸੰਨੀ ਦਿਓਲ ਨੇ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਹਲਕੇ ਲਈ ਕੁਝ ਖਾਸ ਨਹੀਂ ਕੀਤਾ ਹੈ। ਨਾ ਹੀ ਸੰਨੀ ਨੇ ਲੋਕ ਸਭਾ ਵਿਚ ਕੋਈ ਛਾਪ ਛੱਡੀ। ਅਜਿਹੇ 'ਚ ਉਨ੍ਹਾਂ ਦੀ ਟਿਕਟ ਕੈਂਸਲ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ।
ਹਾਲ ਹੀ 'ਚ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਯੁਵਰਾਜ ਸਿੰਘ ਨੂੰ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਮਿਲਣ ਦੀਆਂ ਖਬਰਾਂ ਆਉਣ ਲੱਗੀਆਂ ਸਨ।
ਯੁਵਰਾਜ ਸਿੰਘ ਯੂਵੇਕਨ ਫਾਊਂਡੇਸ਼ਨ ਕੈਂਸਰ ਪੀੜਤਾਂ ਲਈ ਕੰਮ ਕਰਦੀ ਹੈ, ਲੋਕਾਂ ਨੂੰ ਜਾਗਰੂਕ ਕਰਦੀ ਹੈ। ਉਨ੍ਹਾਂ ਦੇ ਇਲਾਜ ਵਿੱਚ ਮਦਦ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਕੈਂਸਰ ਨਾਲ ਲੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।