ਮੋਹਾਲੀ ਦੇ ਏਅਰਪੋਰਟ ਚੌਂਕ ਨੇੜੇ ਰੱਖੜੀ ਵਾਲੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਭੈਣਾਂ ਦੇ ਇਕਲੌਤੇ ਭਰਾ 23 ਸਾਲਾ ਪਰਮਪ੍ਰੀਤ ਸਿੰਘ ਦੀ ਮੌਤ ਹੋ ਗਈ। ਪਰਮਪ੍ਰੀਤ ਸਿੰਘ ਪਿੰਡ ਮਛਲੀਕਲਾਂ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਪਰਮਪ੍ਰੀਤ ਮੋਟਰਸਾਈਕਲ ‘ਤੇ ਆਪਣੀਆਂ ਭੈਣਾਂ ਤੋਂ ਰੱਖੜੀ ਬਣਵਾਉਣ ਲਈ ਘਰ ਜਾ ਰਿਹਾ ਸੀ। ਇਸ ਦੌਰਾਨ ਏਅਰਪੋਰਟ ਰੋਡ ‘ਤੇ ਉਸ ਦਾ ਮੋਟਰਸਾਈਕਲ ਅਚਾਨਕ ਸਲਿੱਪ ਹੋ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ।
ਪਰਿਵਾਰ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਪਰਮਪ੍ਰੀਤ ਕਰੀਬ ਡੇਢ ਘੰਟੇ ਤੱਕ ਸੜਕ ‘ਤੇ ਪਿਆ ਰਿਹਾ। ਪਰਿਵਾਰ ਮੁਤਾਬਕ ਸਮੇਂ ਸਿਰ ਨਾ ਐਂਬੂਲੈਂਸ ਪਹੁੰਚੀ ਅਤੇ ਨਾ ਹੀ ਪੁਲਿਸ ਮੌਕੇ ‘ਤੇ ਆਈ। ਬਾਅਦ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਮਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਹ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਨੌਕਰੀ ਕਰਦਾ ਸੀ। ਉਸ ਦੇ ਸਿਰ ‘ਤੇ ਤਿੰਨ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਸੀ। ਪਰਮਪ੍ਰੀਤ ਦੀ ਮੌਤ ਤੋਂ ਬਾਅਦ ਮਾਂ ਅਤੇ ਤਿੰਨਾਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੁਖਦਾਈ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।









