ਹਰਿਆਣਾ ਦੇ ਗੁਰੂਗ੍ਰਾਮ 'ਚ ਸ਼ਮਸ਼ਾਨਘਾਟ ਦੀ ਕੰਧ ਡਿੱਗਣ ਨਾਲ 2 ਲੜਕੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਜਦਕਿ 6 ਲੋਕ ਜ਼ਖਮੀ ਹੋਏ ਹਨ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਇਲਾਜ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਕੱਲ੍ਹ ਸ਼ਾਮ 5:30 ਤੋਂ 6 ਵਜੇ ਦਰਮਿਆਨ ਵਾਪਰੀ।
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਕੰਧ ਦੇ ਨਾਲ ਲੱਕੜੀਆਂ ਰੱਖੀਆਂ ਹੋਈਆਂ ਸਨ। ਇਸ ਕਾਰਨ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਸ਼ਮਸ਼ਾਨਘਾਟ ਦੀ ਕੰਧ ਕੋਲ ਕੁਰਸੀਆਂ 'ਤੇ ਬੈਠੇ ਹਨ ਜਦਕਿ ਕੁਝ ਬੱਚੇ ਉਥੇ ਖੇਡ ਰਹੇ ਸਨ। ਪਰ ਅਚਾਨਕ ਕੰਧ ਡਿੱਗ ਗਈ ਤੇ ਲੋਕ ਉਸ ਵਿੱਚ ਫਸ ਗਏ।
ਲੜਕੀਆਂ ਸਮੇਤ 5 ਦੀ ਮੌਤ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਤਾਨਿਆ (11), ਖੁਸ਼ਬੂ ਵਾਸੀ ਵੀਰ ਨਗਰ, ਦੇਵੀ ਦਿਆਲ ਉਰਫ਼ ਪੱਪੂ (70), ਮਨੋਜ ਗਾਬਾ (54), ਕ੍ਰਿਸ਼ਨ ਕੁਮਾਰ (52) ਵਾਸੀ ਅਰਜੁਨ ਨਗਰ ਵਜੋਂ ਹੋਈ ਹੈ।