ਭਾਰਤ ਸਰਕਾਰ ਨੇ ਦਰਦ ਨਿਵਾਰਕ ਅਤੇ ਐਂਟੀਬਾਇਓਟਿਕਸ ਸਮੇਤ 70 ਦਵਾਈਆਂ ਦੀਆਂ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ। ਜਿਸ ਨਾਲ ਵੱਖ-ਵੱਖ ਬਿਮਾਰੀਆਂ ਦਾ ਇਲਾਜ ਸਸਤਾ ਹੋ ਜਾਵੇਗਾ ਅਤੇ ਆਮ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਕੁਝ ਰਾਹਤ ਮਿਲੇਗੀ।
ਐਨਪੀਪੀਏ ਦੀ ਮੀਟਿੰਗ ਵਿੱਚ ਲਿਆ ਗਿਆ ਫੈਸਲਾ
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਹਾਲ ਹੀ 'ਚ ਬੈਠਕ ਬੁਲਾਈ ਸੀ। ਇਸ ਮੀਟਿੰਗ ਵਿੱਚ ਦਵਾਈਆਂ ਸਸਤੀਆਂ ਕਰਨ ਦਾ ਫੈਸਲਾ ਲਿਆ ਗਿਆ। ਜਿਸ ਦਾ ਸਰਕਾਰ ਨੇ ਇਸ ਹਫਤੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ। ਮੀਟਿੰਗ ਵਿੱਚ 70 ਦਵਾਈਆਂ ਸਮੇਤ 4 ਵਿਸ਼ੇਸ਼ ਦਵਾਈਆਂ ਦੇ ਰੇਟ ਵੀ ਘਟਾਏ ਗਏ ਹਨ।
NPPA ਕੀ ਹੈ?
ਅਸਲ 'ਚ NPPA ਭਾਰਤ ਵਿੱਚ ਜ਼ਰੂਰੀ ਦਵਾਈਆਂ ਦੀਆਂ ਦਰਾਂ ਨੂੰ ਨਿਯੰਤਰਿਤ ਕਰਦਾ ਹੈ। ਜ਼ਿਆਦਾਤਰ ਸਿਰਫ ਉਹ ਦਵਾਈਆਂ ਦੀਆਂ ਦਰਾਂ ਤੇ ਕੰਟਰੋਲ ਕੀਤਾ ਜਾਂਦਾ ਹੈ ਜੋ ਆਮ ਤੌਰ 'ਤੇ ਜਿਆਦਾ ਵਰਤੀਆਂ ਜਾਂਦੀਆਂ ਹਨ।
ਇਹ ਦਵਾਈਆਂ ਹੋਣਗੀਆਂ ਸਸਤੀਆਂ
ਐਨਪੀਪੀਏ ਵੱਲੋਂ ਜਿਨ੍ਹਾਂ 70 ਦਵਾਈਆਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ, ਉਨ੍ਹਾਂ ਵਿੱਚ ਦਰਦ ਨਿਵਾਰਕ ਦਵਾਈਆਂ, ਐਂਟੀਬਾਇਓਟਿਕਸ, ਬੁਖਾਰ, ਇਨਫੈਕਸ਼ਨ, ਦਸਤ, ਮਾਸਪੇਸ਼ੀਆਂ ਵਿੱਚ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ।
ਪਿਛਲੇ ਮਹੀਨੇ ਵੀ ਸਸਤੀਆਂ ਹੋਈਆਂ ਸਨ ਦਵਾਈਆਂ
ਪਿਛਲੇ ਮਹੀਨੇ ਵੀ ਸਰਕਾਰ ਨੇ ਦਵਾਈਆਂ ਸਸਤੀਆਂ ਕੀਤੀਆਂ ਸਨ। ਪਿਛਲੀ ਵਾਰ 54 ਆਮ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ 8 ਵਿਸ਼ੇਸ਼ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। ਇਨ੍ਹਾਂ ਵਿੱਚ ਐਂਟੀਬਾਇਓਟਿਕਸ, ਮਲਟੀਵਿਟਾਮਿਨ, ਸ਼ੂਗਰ ਅਤੇ ਦਿਲ ਨਾਲ ਸਬੰਧਤ ਦਵਾਈਆਂ ਸ਼ਾਮਲ ਸਨ। ਇਸ ਤੋਂ ਇਲਾਵਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਸਸਤੀਆਂ ਕੀਤੀਆਂ ਗਈਆਂ।