IPL 2027 ਦੇ ਟ੍ਰੇਡ ਨਾਲ ਜੁੜੀਆਂ ਚਰਚਾਵਾਂ ਤੋਂ ਪਹਿਲਾਂ ਹਾਰਦਿਕ ਪੰਡਿਆ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਰਦਿਕ ਇਸ ਸਮੇਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੇ 2027 ਸੀਜ਼ਨ ਵਿੱਚ ਟੀਮ ਨਾਲ ਰਹਿਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਅਤੇ ਕਈ ਫ੍ਰੈਂਚਾਇਜ਼ੀਆਂ ਵੱਲੋਂ ਉਨ੍ਹਾਂ ਨੂੰ ਟ੍ਰੇਡ ਕਰਨ ਦੀ ਚਰਚਾ ਹੈ।
ਰਿਪੋਰਟਾਂ ਮੁਤਾਬਕ ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹਾਰਦਿਕ ਵਿੱਚ ਦਿਲਚਸਪੀ ਰੱਖ ਸਕਦੀਆਂ ਹਨ। ਇਸ ਵਿਚਕਾਰ ਦਾਅਵਾ ਕੀਤਾ ਗਿਆ ਹੈ ਕਿ ਹਾਰਦਿਕ ਨੇ ਆਪਣੀ ਸਾਬਕਾ ਟੀਮ ਗੁਜਰਾਤ ਟਾਈਟਨਜ਼ ਵਿੱਚ ਵਾਪਸੀ ਲਈ ਵੀ ਗੱਲਬਾਤ ਕੀਤੀ ਸੀ।
ਗੁਜਰਾਤ ‘ਚ ਵਾਪਸੀ ਦੀ ਕੋਸ਼ਿਸ਼?
‘ਦਿ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਹਾਰਦਿਕ ਨੇ ਗੁਜਰਾਤ ਟਾਈਟਨਜ਼ ਦੇ ਪ੍ਰਬੰਧਨ ਨਾਲ ਵਾਪਸੀ ਬਾਰੇ ਗੱਲ ਕੀਤੀ ਸੀ। ਟੀਮ ਦੇ ਮੌਜੂਦਾ ਕਪਤਾਨ ਸ਼ੁਭਮਨ ਗਿੱਲ ਵੱਲੋਂ ਵੀ ਇਸ ਵਾਪਸੀ ਨੂੰ ਮਨਜ਼ੂਰੀ ਮਿਲਣ ਦੀ ਗੱਲ ਕਹੀ ਗਈ ਹੈ।
ਹਾਲਾਂਕਿ, ਇਹ ਸੌਦਾ ਅੱਗੇ ਨਹੀਂ ਵਧ ਸਕਿਆ। ਰਿਪੋਰਟ ਵਿੱਚ ਦਾਅਵਾ ਹੈ ਕਿ ਹਾਰਦਿਕ ਨੇ ਗੁਜਰਾਤ ਵਾਪਸੀ ਲਈ ਕਪਤਾਨੀ ਦੀ ਸ਼ਰਤ ਰੱਖੀ ਸੀ, ਜਿਸ ਨੂੰ ਫ੍ਰੈਂਚਾਇਜ਼ੀ ਨੇ ਮਨਜ਼ੂਰ ਨਹੀਂ ਕੀਤਾ।
ਹਾਰਦਿਕ ਨੇ ਗੁਜਰਾਤ ਨੂੰ ਬਣਾਇਆ ਸੀ ਚੈਂਪੀਅਨ
ਹਾਰਦਿਕ ਨੇ 2022 ਵਿੱਚ ਮੁੰਬਈ ਇੰਡੀਅਨਜ਼ ਤੋਂ ਗੁਜਰਾਤ ਟਾਈਟਨਜ਼ ਦਾ ਰੁਖ ਕੀਤਾ ਸੀ। ਗੁਜਰਾਤ ਲਈ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਉਨ੍ਹਾਂ ਨੇ ਟੀਮ ਨੂੰ IPL ਚੈਂਪੀਅਨ ਬਣਾਇਆ। ਇਸ ਤੋਂ ਬਾਅਦ 2023 ਵਿੱਚ ਗੁਜਰਾਤ ਉਨ੍ਹਾਂ ਦੀ ਕਪਤਾਨੀ ਵਿੱਚ ਫਾਈਨਲ ਤੱਕ ਵੀ ਪਹੁੰਚਿਆ।
2024 ਵਿੱਚ ਹਾਰਦਿਕ ਇੱਕ ਟ੍ਰੇਡ ਰਾਹੀਂ ਮੁੜ ਮੁੰਬਈ ਇੰਡੀਅਨਜ਼ ਵਿੱਚ ਆਏ ਅਤੇ ਰੋਹਿਤ ਸ਼ਰਮਾ ਦੀ ਥਾਂ ਟੀਮ ਦੀ ਕਪਤਾਨੀ ਸੰਭਾਲੀ।
ਹਾਰਦਿਕ ਦੇ ਮੈਨੇਜਰ ਨੇ ਦਿੱਤਾ ਬਿਆਨ
ਹਾਰਦਿਕ ਦੇ ਮੈਨੇਜਰ ਨੇ ਇਨ੍ਹਾਂ ਚਰਚਾਵਾਂ ‘ਤੇ ਕਿਹਾ ਕਿ ਹਾਰਦਿਕ ਨੇ ਟ੍ਰਾਂਸਫਰ ਜਾਂ ਟ੍ਰੇਡ ਬਾਰੇ ਕਿਸੇ ਵੀ ਫ੍ਰੈਂਚਾਇਜ਼ੀ ਨਾਲ ਸਿੱਧੀ ਗੱਲਬਾਤ ਨਹੀਂ ਕੀਤੀ। ਉਨ੍ਹਾਂ ਮੁਤਾਬਕ, ਜੇਕਰ ਕਿਸੇ ਫ੍ਰੈਂਚਾਇਜ਼ੀ ਵੱਲੋਂ ਸੰਪਰਕ ਕੀਤਾ ਗਿਆ ਹੈ ਤਾਂ ਇਹ ਮੁੰਬਈ ਇੰਡੀਅਨਜ਼ ਰਾਹੀਂ ਹੋਇਆ ਹੈ। ਫਿਲਹਾਲ ਹਾਰਦਿਕ ਦੇ IPL 2027 ਵਿੱਚ ਕਿਸ ਟੀਮ ਵੱਲੋਂ ਖੇਡਣਗੇ, ਇਸ ਬਾਰੇ ਅੰਤਿਮ ਤਸਵੀਰ ਟ੍ਰੇਡ ਸੂਚੀ ਅਤੇ ਫ੍ਰੈਂਚਾਇਜ਼ੀਆਂ ਦੇ ਫੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।









