ਨੇਪਾਲ ‘ਚ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਾਅਦ ਹੁਣ ਲੈਂਡਸਲਾਈਡ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਨੇਪਾਲ ਦੇ ਦਾਰਚੁਲਾ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਭਾਰੀ ਲੈਂਡਸਲਾਈਡ ਹੋਈ, ਜਿਸ ਕਾਰਨ ਚੌਲਾਨੀ ਨਦੀ ਦਾ ਰਸਤਾ ਬੰਦ ਹੋ ਗਿਆ ਹੈ।
ਲੈਂਡਸਲਾਈਡ ਕਾਰਨ ਨਦੀ ਦਾ ਵਹਾਅ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਆਸ-ਪਾਸ ਦੇ ਇਲਾਕਿਆਂ ‘ਚ ਖ਼ਤਰਾ ਵਧ ਗਿਆ ਹੈ। ਇਸਦੇ ਮੱਦੇਨਜ਼ਰ ਨਦੀ ਦੇ ਹੇਠਲੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਉੱਥੇ ਹੀ, 26 ਅਗਸਤ ਨੂੰ ਆਈ ਭਿਆਨਕ ਹੜ੍ਹ ਅਤੇ ਲੈਂਡਸਲਾਈਡ ਤੋਂ ਬਾਅਦ ਨੇਪਾਲ ‘ਚ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਤ੍ਰਿਸ਼ੂਲੀ ਬਾਜ਼ਾਰ ਇਲਾਕੇ ‘ਚੋਂ 5 ਸਾਲ ਦੇ ਬੱਚੇ ਸਮੇਤ ਤਿੰਨ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਹਾਲਾਂਕਿ, ਹਾਲੇ ਵੀ 5300 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰਾਹਤ ਅਤੇ ਬਚਾਅ ਟੀਮਾਂ ਵੱਲੋਂ ਹੁਣ ਤੱਕ 12 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਸਰਕਾਰੀ ਰਿਪੋਰਟ ਮੁਤਾਬਕ, ਇਸ ਭਿਆਨਕ ਹੜ੍ਹ ਕਾਰਨ 32 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਤੋਂ ਬਾਅਦ ਹੁਣ ਲੈਂਡਸਲਾਈਡ ਦੇ ਵਧਦੇ ਖ਼ਤਰੇ ਨੇ ਨੇਪਾਲ ‘ਚ ਚਿੰਤਾ ਹੋਰ ਵਧਾ ਦਿੱਤੀ ਹੈ।ਰਾਹਤ ਅਤੇ ਬਚਾਅ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਖ਼ਤਰੇ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।









