ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਦੋਸ਼ੀ ਜਗਤਾਰ ਸਿੰਘ ਤਾਰਾ ਦੋ ਘੰਟੇ ਦੀ ਪੈਰੋਲ 'ਤੇ ਐਤਵਾਰ ਸਵੇਰੇ ਆਪਣੀ ਭਤੀਜੀ ਦੇ ਵਿਆਹ 'ਚ ਸ਼ਾਮਲ ਹੋਵੇਗਾ। ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਦੋਸ਼ੀ ਜਗਤਾਰ ਸਿੰਘ ਤਾਰਾ ਆਪਣੀ ਭਤੀਜੀ ਦੇ ਵਿਆਹ ਵਿੱਚ ਹਾਜ਼ਰ ਰਹੇਗਾ। ਅੱਜ ਸਵੇਰੇ 10 ਵਜੇ ਜਗਤਾਰ ਸਿੰਘ ਤਾਰਾ ਜੇਲ੍ਹ ਤੋਂ ਬਾਹਰ ਆ ਕੇ ਸਖ਼ਤ ਸੁਰੱਖਿਆ ਵਿਚਕਾਰ ਆਪਣੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ ਹਨ।
ਸ਼ਨੀਵਾਰ ਨੂੰ ਜਗਤਾਰ ਦੇ ਵਕੀਲ ਨੇ ਕਿਹਾ ਸੀ ਕਿ 3 ਦਸੰਬਰ ਨੂੰ ਉਸ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪੈਰੋਲ ਦਿੱਤੀ ਜਾਵੇ। ਪਰ ਪੈਰੋਲ ਸਿਰਫ਼ ਦੋ ਘੰਟੇ ਲਈ ਹੀ ਦਿੱਤੀ ਗਈ।
20 ਸਾਲ ਦੀ ਉਮਰ 'ਚ ਕੀਤਾ ਬੇਅੰਤ ਸਿੰਘ ਦਾ ਕਤਲ
ਮੁਲਜ਼ਮ ਜਗਤਾਰ ਸਿੰਘ ਤਾਰਾ ਨੇ 20 ਸਾਲ ਦੀ ਉਮਰ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 17 ਮਾਰਚ 2018 ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਹਿਲਾਂ ਉਸ ਨੂੰ ਉਸ ਦੇ ਭਰਾ ਦੀ ਮੌਤ 'ਤੇ ਅਤੇ ਹੁਣ ਉਸ ਦੀ ਭਤੀਜੀ ਦੇ ਵਿਆਹ 'ਤੇ ਪੈਰੋਲ ਦਿੱਤੀ ਗਈ ਹੈ। ਭਤੀਜੀ ਦੇ ਵਿਆਹ 'ਤੇ ਪਿਤਾ ਦੀਆਂ ਰਸਮਾਂ ਨਿਭਾਉਣਗੇ। ਭਤੀਜੀ ਦਾ ਵਿਆਹ ਰੋਪੜ ਦੇ ਮੁਗਲ ਮਾਜਰੀ ਦੇ ਗੁਰਦੁਆਰਾ ਸਾਹਿਬ 'ਚ ਹੋਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਤਾਰਾ ਦੀ ਪੈਰੋਲ ਨੂੰ ਲੈ ਕੇ ਵਿਰੋਧ ਜਤਾਇਆ ਸੀ। ਪਰ ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਿਆ ਅਤੇ ਪੈਰੋਲ ਦੇ ਦਿੱਤੀ। ਭਤੀਜੀ ਦਾ ਵਿਆਹ ਹੁੰਦੇ ਹੀ ਤਾਰਾ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਬੁਡੈਲ ਜੇਲ੍ਹ ਭੇਜ ਦਿੱਤਾ ਜਾਵੇਗਾ।
ਜੇਲ੍ਹ ਅੰਦਰ ਪੁੱਟੀ 94 ਫੁੱਟ ਲੰਬੀ ਸੁਰੰਗ
ਦੋਸ਼ੀ ਜਗਤਾਰ ਸਿੰਘ ਤਾਰਾ 'ਤੇ ਬੁਡੈਲ ਜੇਲ 'ਚ ਟਾਇਲਟ ਸੀਟ ਨੂੰ ਉਖਾੜ ਕੇ 94 ਫੁੱਟ ਲੰਬੀ ਸੁਰੰਗ ਪੁੱਟਣ ਦਾ ਦੋਸ਼ ਹੈ। ਇਸ ਸਾਰੇ ਕੰਮ ਵਿੱਚ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭੌਰਾ ਅਤੇ ਜਗਤਾਰ ਸਿੰਘ ਤਾਰਾ ਤੋਂ ਇਲਾਵਾ ਉਨ੍ਹਾਂ ਦੇ ਰਸੋਈਏ ਅਤੇ ਕਤਲ ਕੇਸ ਵਿੱਚ ਸ਼ਾਮਲ ਦੇਵ ਸਿੰਘ ਦੇਵੀ ਸ਼ਾਮਲ ਹਨ।