ਪੰਜਾਬ ‘ਚ ਕਿਸਾਨਾਂ ਦਾ ਵੱਡਾ ਐਲਾਨ! ਗੰਨੇ ਦੇ ਪੈਸੇ ਨਾ ਮਿਲੇ ਤਾਂ 20 ਅਗਸਤ ਨੂੰ ਹਾਈਵੇ ਹੋਵੇਗਾ ਜਾਮ

Punjab Farmers Warn of Jalandhar-Delhi Highway Blockade Over Pending Sugarcane Dues

ਖ਼ਬਰਿਸਤਾਨ ਨੈਟਵਰਕ : ਪੰਜਾਬ ਵਿੱਚ ਇੱਕ ਵਾਰ ਫਿਰ ਕਿਸਾਨਾਂ ਨੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਅਤੇ ਸਬੰਧਤ ਸ਼ੂਗਰ ਮਿਲਾਂ ਵੱਲੋਂ ਗੰਨੇ ਦੀ ਬਕਾਇਆ ਰਕਮ ਦਾ ਜਲਦੀ ਭੁਗਤਾਨ ਨਾ ਕੀਤਾ ਗਿਆ ਤਾਂ 20 ਅਗਸਤ ਨੂੰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਕਿਸਾਨਾਂ ਨੇ ਸਰਕਾਰ ਨੂੰ ਤੁਰੰਤ ਇਸ ਮਾਮਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।

ਕਈ ਸੀਜ਼ਨਾਂ ਦੀ ਰਕਮ ਅਜੇ ਵੀ ਬਕਾਇਆ
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਕਮ ਅਜੇ ਤੱਕ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਾਲ 2021-22 ਲਈ ਫਗਵਾੜਾ ਸ਼ੂਗਰ ਮਿਲ ਵੱਲੋਂ ਲਗਭਗ 27.84 ਰੁਪਏ ਪ੍ਰਤੀ ਕੁਇੰਟਲ ਦੀ ਰਕਮ ਬਕਾਇਆ ਹੈ।

ਇਸ ਤੋਂ ਇਲਾਵਾ 2025-26 ਸੀਜ਼ਨ ਦੌਰਾਨ ਫਗਵਾੜਾ ਮਿਲ ਵੱਲੋਂ 68.50 ਰੁਪਏ ਪ੍ਰਤੀ ਕੁਇੰਟਲ ਅਤੇ ਹੋਰ ਸ਼ੂਗਰ ਮਿਲਾਂ ਵੱਲੋਂ 41.60 ਰੁਪਏ ਪ੍ਰਤੀ ਕੁਇੰਟਲ ਦੀ ਕੀਤੀ ਕਟੌਤੀ ਦਾ ਭੁਗਤਾਨ ਵੀ ਅਜੇ ਤੱਕ ਨਹੀਂ ਕੀਤਾ ਗਿਆ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸਰਕਾਰ ਕੋਲ ਆਪਣੀ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਮਾਮਲੇ ਨੂੰ ਲੈ ਕੇ 10 ਅਗਸਤ ਨੂੰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

20 ਅਗਸਤ ਨੂੰ ਫਗਵਾੜਾ ਵਿੱਚ ਵੱਡੀ ਕਿਸਾਨ ਸਭਾ
ਜੇਕਰ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 20 ਅਗਸਤ ਨੂੰ ਫਗਵਾੜਾ ਮੰਡੀ ਵਿੱਚ ਕਿਸਾਨਾਂ ਦੀ ਵੱਡੀ ਸਭਾ ਬੁਲਾਈ ਜਾਵੇਗੀ। ਇਸ ਤੋਂ ਬਾਅਦ ਕਿਸਾਨ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਵੱਲ ਮਾਰਚ ਕਰਦੇ ਹੋਏ ਹਾਈਵੇ ਜਾਮ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਬਕਾਇਆ ਰਕਮ ਦਾ ਭੁਗਤਾਨ ਨਹੀਂ ਹੁੰਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Leave a Reply

Your email address will not be published. Required fields are marked *