ਪੋਂਗਲ ਦੇ ਮੌਕੇ 'ਤੇ ਆਯੋਜਿਤ ਜਲੀਕੱਟੂ ਤਿਉਹਾਰ ਦੌਰਾਨ ਤਾਮਿਲਨਾਡੂ ਦੇ ਵੱਖ-ਵੱਖ ਜ਼ਿਲਿਆਂ 'ਚ ਵੀਰਵਾਰ ਨੂੰ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਮੌਤਾਂ ਜਲੀਕੱਟੂ ਅਤੇ ਮੰਜੂਵੀਰੱਟੂ ਦੇ ਰੋਮਾਂਚ ਅਤੇ ਜੋਖਮ ਨਾਲ ਭਰੇ ਪ੍ਰੋਗਰਾਮਾਂ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ 400 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਵੱਖ-ਵੱਖ ਘਟਨਾਵਾਂ ਵਿੱਚ ਦੋ ਬਲਦਾਂ ਦੀ ਵੀ ਮੌਤ ਹੋ ਗਈ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸ਼ਿਵਗੰਗਈ ਦੇ ਸਿਰਾਵਯਾਲ ਮੰਜੂਵੀਰੱਟੂ 'ਚ ਬਲਦ ਅਤੇ ਉਸ ਦੇ ਮਾਲਕ ਦੀ ਮੌਤ ਹੋ ਗਈ। ਮੇਟੂਪੱਟੀ ਪਿੰਡ 'ਚ ਘੱਟੋ-ਘੱਟ 70 ਲੋਕ ਜ਼ਖਮੀ ਹੋ ਗਏ। ਆਪਣੀ ਜਾਨ ਗੁਆਉਣ ਵਾਲੇ ਜ਼ਿਆਦਾਤਰ ਲੋਕ ਖੇਡਾਂ 'ਚ ਹਿੱਸਾ ਲੈਣ ਵਾਲੇ ਨਹੀਂ ਸਨ, ਪਰ ਬਲਦ ਮਾਲਕ ਅਤੇ ਦਰਸ਼ਕ ਸਨ।
ਦੱਸ ਦੇਈਏ ਕਿ 2025 ਦਾ ਪਹਿਲਾ ਜਲੀਕੱਟੂ ਪੁਡੂਕੋੱਟਈ ਦੇ ਗੰਦਰਵਕੋਟਈ ਤਾਲੁਕ ਦੇ ਥਾਚੰਕੁਰਿਚੀ ਪਿੰਡ ਵਿੱਚ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਇਹ ਤ੍ਰਿਚੀ, ਡਿੰਡੀਗੁਲ, ਮਾਨਾਪਰਾਈ, ਪੁਡੁੱਕੋੱਟਈ ਅਤੇ ਸਿਵਾਗੰਗਈ ਵਰਗੇ ਜ਼ਿਲ੍ਹਿਆਂ ਵਿੱਚ ਵੀ ਆਯੋਜਿਤ ਕੀਤਾ ਜਾਣ ਲੱਗਾ। ਇਸ ਖੇਡ ਵਿੱਚ 600 ਤੋਂ ਵੱਧ ਬਲਦ ਸ਼ਾਮਲ ਕੀਤੇ ਗਏ ਹਨ।
ਜਲੀਕੱਟੂ ਕੀ ਹੈ ਅਤੇ ਇਹ ਕਿਉਂ ਮਨਾਇਆ ਜਾਂਦਾ ਹੈ?
ਬਲਦ 2500 ਸਾਲਾਂ ਤੋਂ ਤਾਮਿਲਨਾਡੂ ਦੇ ਲੋਕਾਂ ਲਈ ਵਿਸ਼ਵਾਸ ਅਤੇ ਪਰੰਪਰਾ ਦਾ ਹਿੱਸਾ ਰਹੇ ਹਨ। ਇੱਥੋਂ ਦੇ ਲੋਕ ਖੇਤਾਂ ਵਿੱਚ ਫ਼ਸਲ ਪੱਕਣ ਤੋਂ ਬਾਅਦ ਹਰ ਸਾਲ ਮਕਰ ਸੰਕ੍ਰਾਂਤੀ ਦੇ ਦਿਨ ਪੋਂਗਲ ਦਾ ਤਿਉਹਾਰ ਮਨਾਉਂਦੇ ਹਨ। ਤਮਿਲ ਵਿੱਚ ਪੋਂਗਲ ਦਾ ਅਰਥ ਹੈ ਵਾਧਾ ਜਾਂ ਉਬਾਲਣਾ। ਇਸ ਦਿਨ ਉਹ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ।
ਤਿੰਨ ਦਿਨ ਚੱਲਣ ਵਾਲੇ ਇਸ ਤਿਉਹਾਰ ਦੇ ਆਖਰੀ ਦਿਨ ਬਲਦਾਂ ਦੀ ਪੂਜਾ ਕੀਤੀ ਜਾਂਦੀ ਹੈ। ਸਜਾਇਆ-ਸੰਵਾਰਿਆ ਜਾਂਦਾ ਹੈ। ਫਿਰ ਜਲੀਕੱਟੂ ਸ਼ੁਰੂ ਹੁੰਦਾ ਹੈ। ਇਸ ਨੂੰ ਏਰੂ ਥਜ਼ੁਵੁਥਲ ਅਤੇ ਮਾਨਕੁਵੀਰਾੱਟੂ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਖੇਡ ਪੋਂਗਲ ਤਿਉਹਾਰ ਦਾ ਹਿੱਸਾ ਹੈ।