ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਕਿਸ਼ਨਪੁਰਾ ਸਥਿਤ St. George’s Convent School ‘ਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਚੋਰਾਂ ਨੇ ਲਗਾਤਾਰ ਤੀਜੀ ਵਾਰ ਇਸ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਵਾਰ ਚੋਰ ਸਕੂਲ ‘ਚੋਂ ਐੱਲ.ਈ.ਡੀ. (LED) ਅਤੇ ਏ.ਸੀ. (AC) ਦਾ ਕੰਪ੍ਰੈਸਰ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚੋਰ ਤਾਰਾਂ ਕੱਟਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਜੂਨ ਤੋਂ ਲੈ ਕੇ ਹੁਣ ਤੱਕ ਤੀਜੀ ਵਾਰ ਚੋਰਾਂ ਨੇ ਬਣਾਇਆ ਨਿਸ਼ਾਨਾ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਟੀਚਰ ਜਸਵਿੰਦਰ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਦੌਰਾਨ ਸਕੂਲ ਵਿੱਚ ਇਹ ਤੀਜੀ ਚੋਰੀ ਦੀ ਵਾਰਦਾਤ ਹੈ। ਸਭ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਚੋਰਾਂ ਨੇ ਸਕੂਲ ‘ਚੋਂ ਐੱਲ.ਈ.ਡੀ. ਅਤੇ ਕੀਮਤੀ ਤਾਰਾਂ ਚੋਰੀ ਕੀਤੀਆਂ ਸਨ। ਇਸ ਤੋਂ ਬਾਅਦ ਜੁਲਾਈ ਮਹੀਨੇ ਵਿੱਚ ਦੂਜੀ ਵਾਰ ਚੋਰੀ ਹੋਈ, ਜਿਸ ਵਿੱਚ ਚੋਰ ਸਕੂਲ ਦਾ ਹੋਰ ਇਲੈਕਟ੍ਰਾਨਿਕ ਸਾਮਾਨ ਲੈ ਕੇ ਫਰਾਰ ਹੋ ਗਏ। ਹੁਣ ਅਗਸਤ ਮਹੀਨੇ ਵਿੱਚ ਤੀਜੀ ਵਾਰ ਚੋਰਾਂ ਨੇ ਸਕੂਲ ਵਿੱਚ ਦਾਖਲ ਹੋ ਕੇ ਲੱਖਾਂ ਦਾ ਨੁਕਸਾਨ ਕੀਤਾ ਹੈ, ਜਿਸ ਨਾਲ ਸਕੂਲ ਪ੍ਰਸ਼ਾਸਨ ਵਿੱਚ ਭਾਰੀ ਰੋਸ ਹੈ।
ਸੂਚਨਾ ਦੇਣ ਦੇ 3 ਘੰਟੇ ਬਾਅਦ ਵੀ ਮੌਕੇ ‘ਤੇ ਨਹੀਂ ਪਹੁੰਚੀ ਪੁਲਿਸ
ਟੀਚਰ ਨੇ ਪੁਲਿਸ ਦੀ ਸੁਸਤ ਕਾਰਵਾਈ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਤਿੰਨਾਂ ਵਾਰਦਾਤਾਂ ਦੌਰਾਨ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਅੱਜ ਵੀ ਸਵੇਰੇ 8 ਵਜੇ ਹੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ, ਪਰ 11 ਵਜੇ ਤੱਕ ਵੀ ਕੋਈ ਪੁਲਿਸ ਅਧਿਕਾਰੀ ਬਿਆਨ ਦਰਜ ਕਰਨ ਲਈ ਸਕੂਲ ਨਹੀਂ ਪੁੱਜਿਆ। ਏ.ਐੱਸ.ਆਈ. (ASI) ਨੂੰ ਸੂਚਨਾ ਦਿੱਤੇ 3 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਪੁਲਿਸ ਕਰਮਚਾਰੀ ਮੌਕੇ ‘ਤੇ ਜਾਂਚ ਲਈ ਨਹੀਂ ਪਹੁੰਚਿਆ।
ਚਲਾਨ ਕੱਟਣ ਲਈ ਪੁਲਿਸ ਤਿਆਰ, ਪਰ ਸੁਰੱਖਿਆ ਦੇ ਨਾਂ ‘ਤੇ ਜ਼ੀਰੋ
ਟੀਚਰ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਥਾਣੇ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੋਣ ਦੇ ਬਾਵਜੂਦ ਸਕੂਲ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਹੈ। ਜੇਕਰ ਸਕੂਲ ਦੀ ਇਮਾਰਤ ਹੀ ਸੁਰੱਖਿਅਤ ਨਹੀਂ ਹੈ ਤਾਂ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਕਿਵੇਂ ਰੱਖਿਆ ਜਾਵੇਗਾ। ਉਨ੍ਹਾਂ ਆਰੋਪ ਲਾਇਆ ਕਿ ਪੁਲਿਸ ਦੀ ਕਾਰਵਾਈ ਜ਼ੀਰੋ ਹੈ; ਚਲਾਨ ਕੱਟਣ ਲਈ ਤਾਂ ਪੁਲਿਸ ਕਰਮਚਾਰੀ ਸੜਕਾਂ ‘ਤੇ ਤੁਰੰਤ ਖੜ੍ਹੇ ਹੋ ਜਾਂਦੇ ਹਨ, ਪਰ ਆਮ ਲੋਕਾਂ ਤੇ ਸੰਸਥਾਵਾਂ ਦੀ ਸੁਰੱਖਿਆ ਦੇ ਪ੍ਰਬੰਧ ਬਿਲਕੁਲ ਨਕਾਰਾ ਹਨ। ਸਕੂਲ ਪ੍ਰਬੰਧਕਾਂ ਨੇ ਉੱਚ ਪ੍ਰਸ਼ਾਸਨ ਤੋਂ ਇਸ ਮਾਮਲੇ ‘ਚ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।









