ਪੰਜਾਬ ਸਮੇਤ ਪੂਰੇ ਉਤਰ ਭਾਰਤ ਵਿਚ ਕੜਾਕੇ ਦੀ ਠੰਡ ਕਾਰਣ ਜਨ-ਜੀਵਨ ਪ੍ਰਭਾਵਤ ਹੋ ਰਿਹਾ ਹੈ। ਧੁੰਦ ਕਾਰਣ ਟਰੇਨਾਂ ਦੀ ਰਫਤਾਰ ਵੀ ਹੌਲੀ ਹੋ ਗਈ ਹੈ। ਅੱਜ ਬੁੱਧਵਾਰ 17 ਜਨਵਰੀ ਨੂੰ ਰੇਲਵੇ ਨੇ ਸ਼ਤਾਬਦੀ ਐਕਸਪ੍ਰੈਸ ਸਮੇਤ 36 ਟਰੇਨਾਂ ਨੂੰ ਰੱਦ ਕਰ ਦਿੱਤਾ। ਜਿਨ੍ਹਾਂ ਟਰੇਨਾਂ ਨੂੰ ਰੇਲਵੇ ਨੇ ਰੱਦ ਕਰ ਦਿੱਤਾ ਹੈ, ਉਹ ਧੁੰਦ ਕਾਰਨ ਪਹਿਲਾਂ ਹੀ 4 ਤੋਂ 5 ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਸਨ। ਜਿਸ ਵਿੱਚ ਸ਼ਤਾਬਦੀ ਐਕਸਪ੍ਰੈਸ ਵੀ ਸ਼ਾਮਲ ਹੈ। ਟਰੇਨਾਂ ਦੇ ਰੱਦ ਹੋਣ ਕਾਰਨ ਅੱਜ 700 ਤੋਂ ਵੱਧ ਯਾਤਰੀਆਂ ਨੂੰ ਰੇਲਵੇ ਨੂੰ ਰਿਫੰਡ ਦੇਣਾ ਪਵੇਗਾ। ਅੰਮ੍ਰਿਤਸਰ ਤੋਂ ਦਿੱਲੀ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ (12029) ਅਤੇ ਸ਼ਤਾਬਦੀ (12030) ਵੀਰਵਾਰ ਨੂੰ ਨਿਰਧਾਰਤ ਸਮੇਂ ਅਨੁਸਾਰ ਚੱਲਣ ਦੀ ਸੰਭਾਵਨਾ ਹੈ।
ਯਾਤਰੀ ਪ੍ਰੇਸ਼ਾਨ, ਬੱਸਾਂ ਤੇ ਟੈਕਸੀਆਂ ਵਿੱਚ ਸਫ਼ਰ ਕਰਨ ਲਈ ਮਜਬੂਰ
ਸੰਘਣੀ ਧੁੰਦ ਦੇ ਚਲਦਿਆਂ ਟਰੇਨਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਬੱਸਾਂ ਅਤੇ ਟੈਕਸੀਆਂ ਵਿੱਚ ਸਫ਼ਰ ਕਰਨਾ ਪੈ ਰਿਹੈ ਹੈ। ਏਅਰਪੋਰਟ ਜਾਣ ਵਾਲਿਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਸੜਕ ਰਸਤੇ ਰਾਹੀਂ ਦਿੱਲੀ ਜਾਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਦੇ ਖਰਚੇ ਵੀ ਵੱਧ ਰਹੇ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਤਾਬਦੀ ਤੈਅ ਸਮੇਂ ਤੋਂ 5 ਘੰਟੇ ਦੇਰੀ ਨਾਲ ਚੱਲ ਰਹੀ ਸੀ। ਇਸ ਲਈ ਇਸ ਨੂੰ ਰੱਦ ਕਰਨਾ ਹੀ ਬਿਹਤਰ ਸੀ ਤਾਂ ਕਿ ਰੇਲਗੱਡੀ ਦਾ ਸ਼ਡਿਊਲ ਠੀਕ ਹੋ ਸਕੇ।
ਇਹ ਰੇਲ ਗੱਡੀਆਂ ਪ੍ਰਭਾਵਤ ਹੋਈਆਂ
ਅਜਮੇਰ ਤੋਂ ਜੰਮੂ ਤਵੀ ਜਾਣ ਵਾਲੀ ਰੇਲਗੱਡੀ 16 ਘੰਟੇ, ਗੋਰਖਪੁਰ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲਗੱਡੀ ਨਿਰਧਾਰਿਤ ਸਮੇਂ ਤੋਂ 14 ਘੰਟੇ, ਅੰਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈਸ 5 ਘੰਟੇ, ਕਾਨਪੁਰ ਅੰਮ੍ਰਿਤਸਰ 12 ਘੰਟੇ, ਅੰਮ੍ਰਿਤਸਰ ਕਟਿਹਾਰ 13 ਘੰਟੇ, ਛਤਰਪਤੀ ਸ਼ਿਵਾਜੀ ਟਰਮੀਨਸ ਤੋਂ ਅੰਮ੍ਰਿਤਸਰ ਆਪਣੇ ਨਿਰਧਾਰਿਤ ਸਮੇਂ ਤੋਂ 12 ਘੰਟੇ ਦੀ ਦੇਰੀ ਨਾਲ ਚੱਲੀ।ਇਸੇ ਤਰ੍ਹਾਂ ਗਰੀਬ ਰੱਥ ਸਹਿਰਸਾ ਤੋਂ ਅੰਮ੍ਰਿਤਸਰ 3:30 ਵਜੇ, ਅੰਮ੍ਰਿਤਸਰ ਕਾਨਪੁਰ 10 ਘੰਟੇ, ਸਵਰਨ ਸ਼ਤਾਬਦੀ ਦਿੱਲੀ ਤੋਂ ਅੰਮ੍ਰਿਤਸਰ 7:30 ਵਜੇ, ਅੰਮ੍ਰਿਤਸਰ ਨਾਂਦੇੜ 9 ਘੰਟੇ, ਮਾਲਵਾ ਐਕਸਪ੍ਰੈਸ 9 ਘੰਟੇ, ਕਾਮਾਖਿਆ ਤੋਂ ਕਟੜਾ 9 ਘੰਟੇ, ਸਵਰਾਜ ਐਕਸਪ੍ਰੈਸ 3 ਘੰਟੇ, ਅੰਮ੍ਰਿਤਸਰ ਛਤਰਪਤੀ ਸ਼ਿਵਾਜੀ ਟਰਮੀਨਲ 4 ਘੰਟੇ, ਜੰਮੂ ਤਵੀ ਵਾਰਾਣਸੀ 2.5 ਘੰਟੇ, ਅੰਮ੍ਰਿਤਸਰ ਕਟਿਹਾਰ 2.5 ਘੰਟੇ, ਹਿਸਾਰ ਲੁਧਿਆਣਾ 1.5 ਘੰਟੇ, ਸਰਬਤ ਦਾ ਭਲਾ 2 ਘੰਟੇ, ਇਸ ਤੋਂ ਇਲਾਵਾ ਹਰਿਦੁਆਰ ਅੰਮ੍ਰਿਤਸਰ ਟਰੇਨ 2 ਘੰਟੇ, ਗੋਲਡਨ ਟੈਂਪਲ ਐਕਸਪ੍ਰੈਸ 2 ਘੰਟੇ ਦੀ ਦੇਰੀ ਨਾਲ ਚੱਲ ਰਹੀ ਤੇ ਪਹੁੰਚ ਰਹੀ ਹੈ।