ਖਬਰਿਸਤਾਨ ਨੈੱਟਵਰਕ- ਅੱਜ ਪੰਜਾਬ ਭਰ ਵਿਚ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜਲੰਧਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਬੱਦਲ ਛਾਏ ਹਨ ਤੇ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਣ ਮੌਸਮ ਖੁਸ਼ਨੁਮਾ ਹੋ ਗਿਆ ਹੈ।ਮੌਸਮ ਵਿਭਾਗ ਅਨੁਸਾਰ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਭਾਰੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਨੇ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਹੈ ਕਿ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਤੇਜ਼ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਜਲੰਧਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਹਫ਼ਤੇ ਮਾਨਸੂਨ ਸੁਸਤ ਰਹੇਗਾ
ਮੌਸਮ ਵਿਭਾਗ ਅਨੁਸਾਰ ਅੱਜ ਤੋਂ ਬਾਅਦ ਪੰਜਾਬ ਵਿੱਚ 4 ਦਿਨਾਂ ਤੱਕ ਮਾਨਸੂਨ ਸੁਸਤ ਰਹੇਗਾ ਅਤੇ ਮੀਂਹ ਅਤੇ ਗਰਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਅਗਸਤ ਤੋਂ ਮਾਨਸੂਨ ਫਿਰ ਸਰਗਰਮ ਹੋ ਜਾਵੇਗਾ ਅਤੇ ਦੁਬਾਰਾ ਮੀਂਹ ਪਵੇਗਾ। ਪਰ ਇਸ ਸਾਲ ਜੁਲਾਈ ਦੇ ਮਹੀਨੇ ਪੰਜਾਬ ਵਿੱਚ ਘੱਟ ਮੀਂਹ ਪਿਆ ਹੈ।
ਹਿਮਾਚਲ ਦੇ ਮੰਡੀ ਵਿਚ ਫਟਿਆ ਬੱਦਲ
ਬਰਸਾਤੀ ਮੌਸਮ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਤੋਂ ਲੈਂਡਸਲਾਈਡਿੰਗ ਤੇ ਭਾਰੀ ਮੀਂਹ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਮੰਡੀ ਵਿਚ ਸੋਮਵਾਰ ਦੇਰ ਰਾਤ ਬੱਦਲ ਫੱਟ ਗਿਆ। ਇਸ ਵਿਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਹੋਰ ਲਾਪਤਾ ਹਨ।
15 ਲੋਕਾਂ ਦਾ ਰੈਸਕਿਊ
ਬੱਦਲ ਫਟਣ ਨਾਲ ਕਾਫੀ ਮੁਸ਼ਕਲ ਹਾਲਾਤ ਬਣ ਗਏ। ਇਸ ਦੌਰਾਨ 15 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਭਾਰੀ ਮੀਂਹ ਨੂੰ ਦੇਖਦੇ ਹੋਏ ਚੰਡੀਗੜ੍ਹ-ਮਨਾਲੀ ਅਤੇ ਮੰਡੀ-ਜੋਗਿੰਦਰਨਗਰ ਚਾਰ ਮਾਰਗੀ ਰੋਡ ਬੰਦ ਕਰ ਦਿੱਤੇ ਗਏ ਹਨ।
ਦੇਸ਼ ਭਰ ਵਿਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਤ
ਦੱਸ ਦੇਈਏ ਕਿ ਦੇਸ਼ ਭਰ ਵਿਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਬਿਹਾਰ ਲਈ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਪੂਰਬੀ ਰਾਜਸਥਾਨ ਦੇ 14 ਜ਼ਿਲ੍ਹਿਆਂ ਲਈ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ।