ਜਲੰਧਰ 'ਚ ਪੁਲਸ ਨੇ ਟਾਂਡਾ ਰੇਲਵੇ ਕਰਾਸਿੰਗ ਅਤੇ ਨਗਾਰਾ ਰੇਲਵੇ ਲਾਈਨ ਨੇੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੋਵਾਂ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਸ ਨੂੰ ਇੱਕ ਲਾਸ਼ ਨੇੜਿਓਂ ਟੀਕੇ ਵੀ ਮਿਲੇ ਹਨ। ਫਿਲਹਾਲ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ
ਪੁਲਸ ਨੇ ਮ੍ਰਿਤਕਾਂ ਦੀ ਪਛਾਣ ਕਰਨ ਲਈ ਪੂਰੇ ਇਲਾਕੇ 'ਚ ਤਸਵੀਰਾਂ ਸਰਕੁਲੇਟ ਕਰ ਦਿੱਤੀਆਂ ਹਨ। ਪੁਲਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਪੁਲਸ ਨੇ ਰਾਤ 9 ਵਜੇ ਟਾਂਡਾ ਰੇਲਵੇ ਕਰਾਸਿੰਗ ਨੇੜੇ ਇੱਕ ਲਾਸ਼ ਬਰਾਮਦ ਕੀਤੀ। ਇਸੇ ਤਰ੍ਹਾਂ ਦੂਜੀ ਲਾਸ਼ ਨਗਾਰਾ ਰੇਲਵੇ ਲਾਈਨ ਤੋਂ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਪੁਲਸ ਕੰਟਰੋਲ ਰੂਮ ਵਿੱਚ ਦਿੱਤੀ ਗਈ। ਜਿਸ ਤੋਂ ਬਾਅਦ ਜੀਆਰਪੀ ਥਾਣੇ ਦੇ ਏਐਸਆਈ ਚਰਨਜੀਤ ਸਿੰਘ ਜਾਂਚ ਲਈ ਮੌਕੇ 'ਤੇ ਪਹੁੰਚੇ।
ਲਾਸ਼ ਕੋਲੋਂ ਟੀਕਾ ਪਿਆ ਮਿਲਿਆ
ਪੁਲਸ ਨੂੰ ਵਾਰਦਾਤ ਵਾਲੀ ਥਾਂ ਤੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਾਰਨ ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਉਮਰ 28 ਤੋਂ 30 ਸਾਲ ਦੇ ਕਰੀਬ ਸੀ। ਦੂਜੇ ਵਿਅਕਤੀ ਦੀ ਮੌਤ ਜੰਮੂ ਅਹਿਮਦਾਬਾਦ ਟਰੇਨ ਨਾਲ ਟਕਰਾਉਣ ਕਾਰਣ ਹੋਈ। ਇਸ ਤੋਂ ਇਲਾਵਾ ਪੁਲਸ ਨੇ ਲਾਸ਼ ਕੋਲੋਂ ਇੱਕ ਟੀਕਾ ਵੀ ਬਰਾਮਦ ਕੀਤਾ ਹੈ ਅਤੇ ਉਸ ਦਾ ਪੈਰ ਕੱਟਿਆ ਗਿਆ।
ਆਵਾਰਾ ਪਸ਼ੂ ਦੇ ਟਕਰਾਉਣ ਨਾਲ ਸਕੂਟਰੀ ਸਵਾਰ ਦੀ ਮੌਤ
ਇਸੇ ਤਰ੍ਹਾਂ ਜਲੰਧਰ 'ਚ ਇਕ ਆਵਾਰਾ ਪਸ਼ੂ ਦੀ ਚਪੇਟ ਵਿਚ ਆਉਣ ਨਾਲ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ ਕਿੱਟੀ ਪੁੱਤਰ ਨੰਦ ਸਿੰਘ ਵਜੋਂ ਹੋਈ ਹੈ। ਜਸਵਿੰਦਰ ਮਕਸੂਦਾਂ ਦੇ ਜ਼ਿੰਦਾ ਰੋਡ 'ਤੇ ਸਥਿਤ ਸ੍ਰੀ ਗੁਰੂ ਰਵਿਦਾਸ ਨਗਰ ਇਲਾਕੇ ਦਾ ਰਹਿਣ ਵਾਲਾ ਸੀ।
ਇਲਾਜ ਦੌਰਾਨ ਮੌਤ ਹੋ ਗਈ
ਜਸਵਿੰਦਰ ਐਕਟਿਵਾ 'ਤੇ ਸਵਾਰ ਹੋ ਕੇ ਦੁੱਧ ਲੈਣ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਮਕਸੂਦਾਂ ਦੇ ਸ਼ਹੀਦ ਭਗਤ ਸਿੰਘ ਕਲੋਨੀ ਨੇੜੇ ਵਾਪਰਿਆ। ਇਸ ਤੋਂ ਬਾਅਦ ਜਸਵਿੰਦਰ ਨੂੰ ਜ਼ਖਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।