ਖਬਰਿਸਤਾਨ ਨੈੱਟਵਰਕ, ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਵੱਡਾ ਰੇਲ ਹਾਦਸਾ ਟਲ ਗਿਆ ਹੈ। ਦਸੱਦੀਏ ਕਿ ਉੜਮੁੜ ਪਿੰਡ ਕਰਾਲਾ ਨੇੜੇ ਉੱਤਰ ਕ੍ਰਾਂਤੀ ਰੇਲਗੱਡੀ ਦੇ ਏ.ਸੀ. ਡੱਬੇ ਵਿੱਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਧੂੰਆਂ ਨਿਕਲਦਾ ਦੇਖ ਕੇ ਟਰੇਨ 'ਚ ਬੈਠੇ ਯਾਤਰੀ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਭੱਜਣ ਲਗੇ। ਦਸਣਾ ਬਣਦਾ ਹੈ ਕਿ ਟਰੇਨ ਰੁਕਣ ਤੋਂ ਬਾਅਦ ਯਾਤਰੀਆਂ ਨੇ ਤੁਰੰਤ ਟਰੇਨ ਤੋਂ ਉਤਰ ਕੇ ਆਪਣੀ ਜਾਨ ਬਚਾਈ।
ਦਿੱਲੀ ਤੋਂ ਪਠਾਨਕੋਟ ਜਾ ਰਹੀ ਸੀ ਟਰੇਨ
ਜਾਣਕਾਰੀ ਮੁਤਾਬਕ ਉੱਤਰ ਕ੍ਰਾਂਤੀ ਟਰੇਨ ਦਿੱਲੀ ਤੋਂ ਪਠਾਨਕੋਟ ਵੱਲ ਜਾ ਰਹੀ ਸੀ। ਇਸ ਦੌਰਾਨ ਹੁਸ਼ਿਆਰਪੁਰ 'ਚ ਟਰੇਨ ਦੇ ਏਸੀ ਟੀਅਰ 3 ਡੱਬੇ ਦੇ ਹੇਠਾਂ ਤੋਂ ਅਚਾਨਕ ਧੂੰਆਂ ਨਿਕਲਣ ਲੱਗਾ। ਹੌਲੀ-ਹੌਲੀ ਧੂੰਏਂ ਦਾ ਬੱਦਲ ਵਧਦਾ ਜਾ ਰਿਹਾ ਸੀ। ਇਸ ਨੂੰ ਦੇਖ ਕੇ ਟਰੇਨ 'ਚ ਬੈਠੇ ਯਾਤਰੀਆਂ 'ਚ ਦਹਿਸ਼ਤ ਫੈਲ ਗਈ ਅਤੇ ਇਸ ਦੀ ਸੂਚਨਾ ਤੁਰੰਤ ਰੇਲਵੇ ਕਰਮਚਾਰੀਆਂ ਨੂੰ ਦਿੱਤੀ ਗਈ।
ਬੈਰਿੰਗ ਜਾਮ ਹੋਣ ਕਾਰਨ ਨਿਕਲਿਆ ਧੂੰਆਂ
ਡਰਾਈਵਰ ਵੱਲੋਂ ਟਰੇਨ ਰੋਕਣ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਤੁਰੰਤ ਟਰੇਨ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਏਸੀ ਕੰਪਾਰਟਮੈਂਟ ਦੇ ਹੇਠਾਂ ਬੈਰਿੰਗ ਜਾਮ ਸੀ। ਜਿਸ ਕਾਰਨ ਧੂੰਆਂ ਨਿਕਲ ਰਿਹਾ ਸੀ। ਜੇਕਰ ਟਰੇਨ ਨੂੰ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।