ਬਠਿੰਡਾ ਦੇ ਪਿੰਡ ਜੰਗੀਰਾਣਾ ਦਾ ਇੱਕ ਜਵਾਨ ਲੇਹ-ਲਦਾਖ 'ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਫੌਜੀ ਦੀ ਪਛਾਣ 22 ਸਾਲਾ ਗੁਰਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਅਗਲੇ ਮਹੀਨੇ ਸੀ ਵਿਆਹ
ਸ਼ਹੀਦ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਅਜੇ ਪਿੰਡ ਨਹੀਂ ਪੁੱਜੀ ਅਤੇ ਫੌਜ ਵੱਲੋਂ ਸ਼ਹੀਦ ਹੋਣ ਦਾ ਕਾਰਨ ਨਹੀਂ ਦੱਸਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਕੇਵਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਕੁੜਮਾਈ ਅਤੇ ਵਿਆਹ 8 ਨਵੰਬਰ ਨੂੰ ਸੀ ਜਦੋਂ ਗੁਰਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ 'ਚ ਪੁੱਜੀ ਤਾਂ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।
ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਦੱਸ ਦਈਏ ਕਿ ਗੁਰਦੀਪ ਸਿੰਘ ਦੇ ਪਿਤਾ ਜਗਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਘਰ 'ਚ ਸਿਰਫ ਮਾਂ ਹੀ ਹੈ। ਉਹ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਪਰਿਵਾਰ ਨੇ ਉਸਨੂੰ ਪੜ੍ਹਾਇਆ ਤੇ ਫੌਜ 'ਚ ਭਰਤੀ ਕੀਤਾ।