ਖਬਰਿਸਤਾਨ ਨੈੱਟਵਰਕ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪੁੱਜੇ। ਇਸ ਦੌਰਾਨ ਸੀ ਐਮ ਮਾਨ ਨੇ ਪੰਜਾਬ ਵਿਚ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਬੋਲਦਿਆਂ ਕਿਹਾ ਕਿ ਜਿਹੜਾ ਪਿੰਡ ਨਸ਼ਾ ਮੁਕਤ ਹੋ ਜਾਵੇਗਾ ਉਸ ਪਿੰਡ ਵਿਚ ਬੋਰਡ ਲਗਾਇਆ ਜਾਵੇਗਾ । ਉਸ ਪੰਚਾਇਤ ਨੂੰ ਸਰਕਾਰ ਤੋਂ ਸਭ ਕੁਝ ਮਿਲੇਗਾ, ਜਿਸ ਵਿੱਚ ਗ੍ਰਾਂਟਾਂ ਅਤੇ ਸਟੇਡੀਅਮ ਵੀ ਸ਼ਾਮਲ ਹਨ।
ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਕਾਰਵਾਈ ਜਾਰੀ
ਇਸ ਦੌਰਾਨ ਸੀ ਐਮ ਮਾਨ ਨੇ ਕਿਹਾ ਕਿ ਹਰ ਰੋਜ਼ 200 ਪੰਚਾਇਤਾਂ ਨਸ਼ਿਆਂ ਵਿਰੁੱਧ ਮਤੇ ਪਾਸ ਕਰ ਰਹੀਆਂ ਹਨ। ਨਸ਼ਾ ਤਸਕਰਾਂ ਦੇ ਘਰਾਂ ਉਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੇ ਘਰ ਤਬਾਹ ਕਰ ਦੇਣੇ ਚਾਹੀਦੇ ਹਨ ਜਿਨ੍ਹਾਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ।
ਪਾਣੀਆਂ ਦੇ ਮੁੱਦੇ ਉਤੇ ਬੋਲੇ ਮਾਨ
ਹਰਿਆਣਾ ਨਾਲ ਚੱਲ ਰਹੇ ਪਾਣੀ ਵਿਵਾਦ 'ਤੇ ਮਾਨ ਨੇ ਕਿਹਾ ਕਿ ਭਾਜਪਾ ਹਰਿਆਣਾ ਅਤੇ ਕੇਂਦਰ ਦੀਆਂ ਸਰਕਾਰਾਂ ਰਾਹੀਂ ਸੂਬੇ ਨਾਲ ਧੱਕੇਸ਼ਾਹੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਬੀ.ਬੀ.ਐਮ.ਬੀ. ਵੱਲੋਂ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ਲਈ ਆਏ ਦਿਨ ਨਵੇਂ ਮਤੇ ਪਾਸ ਕੀਤੇ ਜਾ ਰਹੇ ਹਨ।