ਖਬਰਿਸਤਾਨ ਨੈੱਟਵਰਕ - ਜਲੰਧਰ ਦੇ ਨਾਮਦੇਵ ਚੌਕ ਨੇੜੇ ਸਥਿਤ ਸਹਿਕਾਰੀ ਵਿਭਾਗ ਵਿਰੁੱਧ ਅੱਜ ਦੁੱਧ ਉਤਪਾਦਕਾਂ ਨੇ ਪ੍ਰਦਰਸ਼ਨ ਕੀਤਾ। ਦੁੱਧ ਉਤਪਾਦਕਾਂ ਨੇ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਲੰਬੇ ਸਮੇਂ ਤੋਂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਣ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
20 ਲੱਖ ਤੱਕ ਦੀ ਬਕਾਇਆ ਰਕਮ
ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਕੁੱਲ ਰਕਮ 20 ਲੱਖ ਰੁਪਏ ਤੱਕ ਪਹੁੰਚ ਗਈ ਹੈ, ਜੋ ਕਿ ਸਾਨੂੰ ਭੁਗਤਾਨ ਨਹੀਂ ਕੀਤਾ ਦਾ ਰਿਹਾ। ਗੁੱਸੇ ਵਿੱਚ ਉਨ੍ਹਾਂ ਨੇ ਅੱਜ ਦਫ਼ਤਰ ਦੇ ਬਾਹਰ ਦੁੱਧ ਰੋੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ।
ਕੀ ਕਹਿਣੈ ਦੁੱਧ ਉਤਪਾਦਕਾਂ ਦਾ
ਦੁੱਧ ਉਤਪਾਦਕ ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੰਗੇ ਸਰਾਏ ਵਿੱਚ ਵੇਰਕਾ ਦੀ ਰਜਿਸਟਰਡ ਸੁਸਾਇਟੀ ਹੈ। ਇਹ ਸੁਸਾਇਟੀ 1980 ਤੋਂ ਪਿੰਡ ਵਿੱਚ ਚੱਲ ਰਹੀ ਹੈ। ਉੱਥੇ ਹਰ ਸਾਲ ਕੰਮ ਕੀਤਾ ਜਾਂਦਾ ਹੈ ਅਤੇ ਇਸਦਾ ਮੁਨਾਫ਼ਾ ਵੀ ਉਨ੍ਹਾਂ ਵਿੱਚ ਵੰਡਿਆ ਜਾਂਦਾ ਹੈ। ਪਿਛਲੇ ਸਾਲ ਅਗਸਤ ਮਹੀਨੇ ਵਿੱਚ ਕਮੇਟੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ, ਚੋਣਾਂ 3 ਮਹੀਨਿਆਂ ਦੇ ਅੰਦਰ ਕਰਵਾਉਣੀਆਂ ਪੈਂਦੀਆਂ ਹਨ ਪਰ 7 ਮਹੀਨੇ ਬੀਤ ਜਾਣ ਦੇ ਬਾਵਜੂਦ, ਰਾਜਨੀਤਿਕ ਦਬਾਅ ਜਾਂ ਅਧਿਕਾਰੀਆਂ ਦੇ ਦਖਲ ਕਾਰਨ ਅਜੇ ਤੱਕ ਚੋਣਾਂ ਨਹੀਂ ਹੋਈਆਂ। ਇਸ ਤੋਂ ਬਾਅਦ, 21 ਮਾਰਚ ਨੂੰ ਚੋਣ ਕਰਵਾਈ ਗਈ ਅਤੇ ਚੋਣ ਤੋਂ ਬਾਅਦ ਡੀ ਆਰ ਦੁਆਰਾ ਸਟੇਅ ਦੇ ਦਿੱਤਾ ਗਿਆ।
ਇਸ ਤੋਂ ਬਾਅਦ ਉਹ ਅਧਿਕਾਰੀ ਨੂੰ ਮਿਲੇ ਅਤੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਦੁੱਧ ਉਤਪਾਦਕਾਂ ਨੂੰ ਬਣਦਾ ਭੁਗਤਾਨ ਦੇਣਾ ਚਾਹੀਦਾ ਹੈ। 11 ਤਰੀਕ ਨੂੰ, ਡੀਆਰ ਨੇ ਭਰੋਸਾ ਦਿੱਤਾ ਕਿ ਭੁਗਤਾਨ ਕੀਤਾ ਜਾਵੇਗਾ ਪਰ ਹੁਣ ਤੱਕ ਕੋਈ ਭੁਗਤਾਨ ਨਹੀਂ ਕੀਤਾ ਗਿਆ। ਇਸ ਕਾਰਨ ਦੁੱਧ ਉਤਪਾਦਕ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਡੇਅਰੀ ਤੋਂ ਲਿਆਂਦਾ ਦੁੱਧ ਇੱਥੇ ਸੁੱਟ ਦਿੱਤਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਅਦਾਇਗੀ ਜਲਦੀ ਤੋਂ ਜਲਦੀ ਕਰਵਾਈ ਜਾਵੇ।