ਖ਼ਬਰਿਸਤਾਨ ਨੈੱਟਵਰਕ: ਅਮਰੀਕਾ 'ਚ ਗੈਰ-ਕਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਤੋਂ ਬਾਅਦ ਡੰਕੀ ਰੂਟ ਰਾਹੀਂ ਭੇਜਣ ਵਾਲੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ| ਜਿਸ ਕਾਰਵਾਈ ਤਹਿਤ ਰਾਸ਼ਟਰੀ ਜਾਂਚ ਏਜੰਸੀ ਨੂੰ ਸਫਲਤਾ ਮਿਲੀ ਹੈ| ਐਨਆਈਏ ਨੇ ਐਤਵਾਰ ਨੂੰ ਦਿੱਲੀ ਤੋਂ ਇੱਕ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ| ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਨਾਲ ਗਗਨਦੀਪ ਸਿੰਘ ਉਰਫ਼ ਗੋਲਡੀ ਹੈ, ਜੋ ਕਿ ਤਿਲਕ ਨਗਰ, ਦਿੱਲੀ ਦਾ ਰਹਿਣ ਵਾਲਾ ਹੈ। ਏਜੰਟ ਜੋ ਨੌਜਵਾਨਾਂ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਬਦਲੇ ਲੱਖਾਂ ਰੁਪਏ ਲੈ ਰਿਹਾ ਸੀ ਅਤੇ ਉਨ੍ਹਾਂ ਨੂੰ ਦੀ ਜਿੰਦਗੀ ਤੇ ਭਵਿੱਖ ਨੂੰ ਜੋਖਮ ਵਿੱਚ ਪਾ ਰਿਹਾ ਸੀ।
ਦੱਸ ਦੇਈਏ ਕਿ ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਲ ਜੁੜਿਆ ਹੈ| ਏਜੰਟ ਗੋਲਡੀ ਨੇ ਪੀੜਤ ਨੂੰ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਲਈ ਲਗਭਗ 45 ਲੱਖ ਰੁਪਏ ਲਏ ਸਨ| ਅਮਰੀਕੀ ਅਧਿਕਾਰੀਆਂ ਨੇ ਉਸਨੂੰ 15 ਫਰਵਰੀ ਨੂੰ ਭਾਰਤ ਭੇਜ ਦਿੱਤਾ। ਇੱਥੇ ਆ ਕੇ ਪੀੜਤ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ | ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਘਟਨਾਵਾਂ ਦੇ ਮੱਦੇਨਜ਼ਰ 13 ਮਾਰਚ ਨੂੰ ਕੇਸ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ। 17 ਦਿਨਾਂ ਦੀ ਕਾਰਵਾਈ ਤੋਂ ਬਾਅਦ, ਐਨਆਈਏ ਨੇ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਨੇ ਇਸ ਮਾਮਲੇ ਵਿੱਚ ਏਜੰਟ ਦੀ ਭੂਮਿਕਾ ਨਿਭਾਈ ਸੀ। ਐਨਆਈਏ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਪੂਰੇ ਨੈੱਟਵਰਕ ਦੇ ਹੋਰ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲਡੀ ਕੋਲ ਵਿਦੇਸ਼ ਵਿੱਚ ਪੈਸੇ ਭੇਜਣ ਦਾ ਕੋਈ ਜਾਇਜ਼ ਲਾਇਸੈਂਸ ਜਾਂ ਇਜਾਜ਼ਤ ਨਹੀਂ ਸੀ। ਉਸਨੇ ਪੀੜਤ ਨੂੰ ਸਪੇਨ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ। ਯਾਤਰਾ ਦੌਰਾਨ, ਗੋਲਡੀ ਦੇ ਸਾਥੀਆਂ ਨੇ ਪੀੜਤ ਨੂੰ ਕੁੱਟਿਆ ਅਤੇ ਉਸਦਾ ਸ਼ੋਸ਼ਣ ਕੀਤਾ ਅਤੇ ਉਸਦੇ ਕੋਲ ਮੌਜੂਦ ਅਮਰੀਕੀ ਡਾਲਰ ਵੀ ਖੋਹ ਲਏ।
ਅਮਰੀਕਾ 'ਚ ਗੈਰ-ਕਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਜਾਰੀ ਹੈ| ਜ਼ਿਕਰਯੋਗ ਹੈ ਕਿ ਜਨਵਰੀ 2025 ਤੋਂ ਲੈ ਕੇ ਹੁਣ ਤਕ 388 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਤੋਂ ਬਾਅਦ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ|