ਸਿੰਗਾਪੁਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ, ਜਿਸ ਨਾਲ 193 ਦੇਸ਼ਾਂ ਦੀ ਯਾਤਰਾ ਬਿਨਾਂ ਵੀਜ਼ਾ ਦੇ ਕੀਤੀ ਜਾ ਸਕਦੀ ਹੈ। ਸਿੰਗਾਪੁਰ 'ਚ ਜਪਾਨ ਅਤੇ ਦੱਖਣ ਕੋਰੀਆ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ। ਜਦੋਂ ਕਿ ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਮੰਨਿਆ ਗਿਆ ਹੈ ਅਤੇ ਇਹ ਸੂਚੀ ਵਿੱਚ ਆਖਰੀ ਸਥਾਨ 'ਤੇ ਹੈ। ਸਿਰਫ਼ 25 ਦੇਸ਼ ਅਫਗਾਨਿਸਤਾਨ ਨੂੰ ਵੀਜ਼ਾ ਫ਼੍ਰੀ ਐਂਟਰੀ ਦਿੰਦੇ ਹਨ।
ਲਿਸਟ 'ਚ ਭਾਰਤ 80ਵੇਂ ਨੰਬਰ 'ਤੇ
ਜੇਕਰ ਅਸੀਂ ਭਾਰਤੀ ਪਾਸਪੋਰਟ ਦੀ ਗੱਲ ਕਰੀਏ ਤਾਂ ਭਾਰਤ 80ਵੇਂ ਸਥਾਨ 'ਤੇ ਆ ਗਿਆ ਹੈ। ਭਾਰਤ ਦੇ ਨਾਗਰਿਕ ਸਿਰਫ਼ 58 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਦਾਖਲ ਹੋ ਸਕਦੇ ਹਨ। ਜਦੋਂ ਕਿ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਸ ਸੂਚੀ ਵਿੱਚ 96ਵੇਂ ਨੰਬਰ 'ਤੇ ਹੈ।
ਜਪਾਨ ਅਤੇ ਦੱਖਣ ਕੋਰੀਆ ਦੂਜੇ ਨੰਬਰ 'ਤੇ
ਇਸ ਸੂਚੀ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਪਾਸਪੋਰਟ ਦੂਜੇ ਸਥਾਨ 'ਤੇ ਹਨ। ਇੱਥੋਂ ਦੇ ਲੋਕ 190 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਦਾਖਲ ਹੋ ਸਕਦੇ ਹਨ। ਤੀਜੇ ਨੰਬਰ 'ਤੇ ਸੱਤ ਦੇਸ਼ਾਂ ਦਾ ਸਮੂਹ ਹੈ ਜਿਸ ਵਿੱਚ ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ ਅਤੇ ਸਪੇਨ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ 189 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪ੍ਰਵੇਸ਼ ਦੀ ਆਗਿਆ ਦਿੰਦੇ ਹਨ। ਜਦੋਂ ਕਿ ਅਮਰੀਕਾ ਦੀ ਰੈਂਕਿੰਗ 9ਵੇਂ ਨੰਬਰ 'ਤੇ ਹੈ।
ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਹੈ
ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਮੰਨਿਆ ਜਾਂਦਾ ਹੈ, ਜਿਸ ਨਾਲ ਸਿਰਫ਼ 25 ਦੇਸ਼ਾਂ ਵਿੱਚ ਵੀਜ਼ਾ ਫ਼੍ਰੀ ਐਂਟਰੀ ਮਿਲ ਸਕਦੀ ਹੈ। ਇਸ ਤੋਂ ਬਾਅਦ ਸੀਰੀਆ ਅਤੇ ਇਰਾਕ ਦੇ ਪਾਸਪੋਰਟ ਹਨ ਜੋ ਕ੍ਰਮਵਾਰ 27 ਅਤੇ 30 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪ੍ਰਵੇਸ਼ ਦੀ ਆਗਿਆ ਦਿੰਦੇ ਹਨ।
ਇਸ ਆਧਾਰ 'ਤੇ ਕੀਤੀ ਜਾਂਦੀ ਹੈ ਰੈਂਕਿੰਗ
ਇਹ ਰਿਪੋਰਟ ਹੈਨਲੀ ਐਂਡ ਪਾਰਟਨਰਜ਼ ਪਾਸਪੋਰਟ ਇੰਡੈਕਸ ਦੇ ਤਹਿਤ ਜਾਰੀ ਕੀਤੀ ਗਈ ਹੈ। ਜਿਸ ਵਿੱਚ ਦੁਨੀਆ ਭਰ ਦੇ 199 ਪਾਸਪੋਰਟਾਂ ਨੂੰ ਉਨ੍ਹਾਂ ਦੇਸ਼ਾਂ ਦੀ ਗਿਣਤੀ ਦੇ ਆਧਾਰ 'ਤੇ ਦਰਜਾ ਦਿੱਤਾ ਗਿਆ ਹੈ ਜਿੱਥੇ ਉਹ ਵੀਜ਼ਾ ਮੁਕਤ ਐਂਟਰੀ ਪ੍ਰਾਪਤ ਕਰ ਸਕਦੇ ਹਨ। ਇਹ ਅੰਕੜਾ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (IATA) ਤੋਂ ਲਿਆ ਗਿਆ ਹੈ।