ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨਜ਼ ਨੂੰ ਆਪਣੀਆਂ 70 ਉਡਾਣਾਂ ਰੱਦ ਕਰਨੀਆਂ ਪਈਆਂ। ਦਰਅਸਲ, ਟਾਟਾ ਸਮੂਹ ਦੀ ਮਾਲਕੀਅਤ ਵਾਲੀ ਏਅਰਲਾਈਨ ਦੇ ਕਈ ਸੀਨੀਅਰ ਕਰੂ ਮੈਂਬਰਾਂ ਨੇ ਸਮੂਹਿਕ ਛੁੱਟੀ ਲੈ ਲਈ ਸੀ, ਜਿਸ ਕਾਰਨ ਕੰਪਨੀ ਨੂੰ ਇਹ ਕਦਮ ਚੁੱਕਣਾ ਪਿਆ। ਇਸ ਮਾਮਲੇ ਦੀ ਸਿਵਲ ਏਵੀਏਸ਼ਨ ਅਥਾਰਟੀ ਰਾਹੀਂ ਜਾਂਚ ਕੀਤੀ ਜਾ ਰਹੀ ਹੈ।
ਏਅਰਲਾਈਨ ਨੇ ਕੀਤਾ ਬਿਆਨ ਜਾਰੀ
ਇਸ ਮੁੱਦੇ ਨੂੰ ਸਵੀਕਾਰ ਕਰਦੇ ਹੋਏ, ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਾਡੇ ਕੈਬਿਨ ਕਰੂ ਦੇ ਇੱਕ ਸੈਕਸ਼ਨ ਨੇ ਬੀਤੀ ਰਾਤ ਆਖਰੀ ਸਮੇਂ 'ਤੇ ਬੀਮਾਰ ਹੋਣ ਦੀ ਸੂਚਨਾ ਦਿੱਤੀ। ਇਸ ਕਾਰਨ ਫਲਾਈਟ ਲੇਟ ਹੋ ਗਈ ਅਤੇ ਰੱਦ ਕਰ ਦਿੱਤੀ ਗਈ। ਅਸੀਂ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਨੂੰ ਸਮਝਣ ਲਈ ਚਾਲਕ ਦਲ ਨਾਲ ਗੱਲਬਾਤ ਕਰ ਰਹੇ ਹਾਂ।
ਇਸ ਦੇ ਨਾਲ, ਏਅਰਲਾਈਨ ਨੇ ਬਿਆਨ ਵਿੱਚ ਕਿਹਾ ਕਿ ਸਾਡੀਆਂ ਟੀਮਾਂ ਕਿਸੇ ਵੀ ਕਾਰਨ ਕਰਕੇ ਸਾਡੇ ਯਾਤਰੀਆਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਨੂੰ ਘੱਟ ਕਰਨ ਲਈ ਇਸ ਮੁੱਦੇ ਨੂੰ ਸਰਗਰਮੀ ਨਾਲ ਹੱਲ ਕਰ ਰਹੀਆਂ ਹਨ। ਅਸੀਂ ਇਸ ਅਚਾਨਕ ਵਿਘਨ ਲਈ ਆਪਣੇ ਯਾਤਰੀਆਂ ਤੋਂ ਦਿਲੋਂ ਮੁਆਫੀ ਚਾਹੁੰਦੇ ਹਾਂ।
ਯਾਤਰੀਆਂ ਨੂੰ ਪੂਰਾ ਮਿਲੇਗਾ ਰਿਫੰਡ
ਫਲਾਈਟ ਰੱਦ ਹੋਣ ਕਾਰਨ ਪ੍ਰਭਾਵਤ ਮੁਸਾਫਰਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ ਜਾਂ ਉਨ੍ਹਾਂ ਦੀਆਂ ਉਡਾਣਾਂ ਨੂੰ ਕਿਸੇ ਹੋਰ ਤਰੀਕ 'ਤੇ ਰੀ-ਸ਼ਡਿਊਲ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਨਾਲ ਹੀ, ਏਅਰ ਇੰਡੀਆ ਐਕਸਪ੍ਰੈਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਹਵਾਈ ਅੱਡੇ 'ਤੇ ਜਾਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਕੀ ਉਨ੍ਹਾਂ ਦੀ ਉਡਾਣ ਪ੍ਰਭਾਵਤ ਹੋਈ ਹੈ ਜਾਂ ਨਹੀਂ।