ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 276 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦਕਿ 240 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਹੁਣ ਤੱਕ 3 ਹਜ਼ਾਰ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਭਾਰੀ ਮੀਂਹ ਦੇ ਦੌਰਾਨ, ਚਿੱਕੜ, ਚੱਟਾਨਾਂ ਅਤੇ ਦਰੱਖਤਾਂ ਦੇ ਵੱਡੇ ਟੁਕੜਿਆਂ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੈੱਡ ਅਲਰਟ ਕੀਤਾ ਜਾਰੀ
ਮੌਸਮ ਵਿਭਾਗ ਨੇ ਅੱਜ ਫਿਰ ਵਾਇਨਾਡ ਵਿੱਚ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਫਤ ਪ੍ਰਬੰਧਨ ਟੀਮ ਨੇ ਫਿਰ ਤੋਂ ਕੁਝ ਥਾਵਾਂ 'ਤੇ ਜ਼ਮੀਨ ਖਿਸਕਣ ਦਾ ਖਤਰਾ ਪ੍ਰਗਟਾਇਆ ਹੈ। ਡਰੋਨ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., Sniffer Dogs ਨਾਲ ਬਚਾਅ ਕਾਰਜ ਜਾਰੀ ਹੈ।
ਵਾਇਨਾਡ ਦਾ ਦੌਰਾ ਕਰਨਗੇ ਰਾਹੁਲ ਤੇ ਪ੍ਰਿਅੰਕਾ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕੰਨੜ ਪਹੁੰਚ ਚੁੱਕੇ ਹਨ। ਉਹ ਅੱਜ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਕੇਰਲ ਦੇ ਵਾਇਨਾਡ ਦਾ ਦੌਰਾ ਕਰਨਗੇ। ਦੋਵਾਂ ਨੇ ਕੱਲ ਵਾਇਨਾਡ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਇਹ ਦੌਰਾ ਮੁਲਤਵੀ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਪ੍ਰਿਅੰਕਾ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਅਤੇ ਸਥਿਤੀ ਦਾ ਜਾਇਜ਼ਾ ਲੈਣ ਵਾਇਨਾਡ ਜਾ ਰਹੇ ਸੀ। ਪਰ ਲਗਾਤਾਰ ਮੀਂਹ ਅਤੇ ਮੌਸਮ ਦੀ ਸਥਿਤੀ ਖਰਾਬ ਹੋਣ ਕਾਰਨ ਸਾਨੂੰ ਅਧਿਕਾਰੀਆਂ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਅਸੀਂ ਲੈਂਡ ਨਹੀਂ ਕਰ ਸਕਾਂਗੇ।
ਕਲੈਕਟਰ ਨੇ ਲੋਕਾਂ ਨੂੰ ਘਰ ਛੱਡਣ ਲਈ ਕਿਹਾ
ਵਾਇਨਾਡ ਦੇ ਕਲੈਕਟਰ ਡੀਆਰ ਮੇਗਾਸ਼੍ਰੀ ਨੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਡਰ ਦੇ ਕਾਰਨ ਕੁਰੁੰਬਲਾਕੋਟਾ, ਲਕਿਤੀ ਮਨੀਕੁੰਨੂ ਮਾਲਾ, ਮੁਟਿਲ ਕੋਲਪਾਰਾ ਕਾਲੋਨੀ, ਕਪਿਕਲਮ, ਸੁਧਾਂਗਿਰੀ ਅਤੇ ਪੋਸ਼ੂਥਾਨਾ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਛੱਡਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲੋਕਾਂ ਨੂੰ ਜ਼ਮੀਨ ਖਿਸਕਣ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਸੀ।
ਬਚਾਅ ਕਾਰਜ ਲਈ ਸੈਨਾ ਨੇ ਬਣਾਇਆ ਪੁਲ
ਫੌਜ ਮੁੰਡਕਾਈ ਨੂੰ ਚੂਰਲਮਾਲਾ ਨਾਲ ਜੋੜਨ ਲਈ 85 ਫੁੱਟ ਲੰਬਾ ਬੈਲੀ ਬ੍ਰਿਜ ਬਣਾ ਰਹੀ ਹੈ। ਇਹ ਪੁਲ ਅੱਜ ਬਣ ਕੇ ਤਿਆਰ ਹੋ ਜਾਵੇਗਾ। ਪੁਲ ਬਣਾਉਣ ਲਈ ਦਿੱਲੀ ਅਤੇ ਬੈਂਗਲੁਰੂ ਤੋਂ ਸਮੱਗਰੀ ਲਿਆਂਦੀ ਗਈ ਹੈ। ਇਹ ਪੁਲ 24 ਟਨ ਦਾ ਭਾਰ ਝੱਲ ਸਕਦਾ ਹੈ। ਪੁਲ ਬਣਨ ਤੋਂ ਬਾਅਦ ਬਚਾਅ ਕਾਰਜ ਤੇਜ਼ ਹੋ ਜਾਵੇਗਾ।