ਲੁਧਿਆਣਾ ਦੇ ਖੰਨਾ 'ਚ ਪੰਜਾਬ ਐਂਡ ਸਿੰਧ ਬੈਂਕ 'ਚੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦਿਨ-ਦਿਹਾੜੇ 3 ਹਥਿਆਰਬੰਦ ਲੁਟੇਰਿਆਂ ਨੇ ਬੈਂਕ ਅੰਦਰ ਡਾਕਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਬੈਂਕ ਵਿਚ ਲੰਚ ਬਰੇਕ ਚੱਲ ਰਹੀ ਸੀ ਇਸ਼ ਦੌਰਾਨ ਬੈਂਕ ਅੰਦਰ ਦਾਖਲ ਹੋ ਕੇ ਲੁਟੇਰਿਆਂ ਨੇ ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ।
ਗੰਨਮੈਨ ਦੀ ਬੰਦੂਕ ਖੋਹ ਕੇ ਕੀਤੇ ਹਵਾਈ ਫਾਇਰ
ਲੁਟੇਰਿਆਂ ਨੇ ਜਾਂਦੇ ਹੋਏ ਗੰਨਮੈਨ ਦੀ ਬੰਦੂਕ ਖੋਹ ਕੇ ਹਵਾਈ ਫਾਇਰ ਵੀ ਕੀਤੇ ਅਤੇ ਬੈਂਕ ਤੋਂ ਥੋੜ੍ਹੀ ਦੂਰ ਹੀ ਬੰਦੂਕ ਸੁੱਟ ਕੇ ਫਰਾਰ ਹੋ ਗਏ।
15 ਲੱਖ ਰੁਪਏ ਲੁੱਟ ਕੇ ਫਰਾਰ
ਮੀਡੀਆ ਰਿਪੋਰਟਾਂ ਮੁਤਾਬਕ ਲੁਟੇਰੇ 15 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਹਨ। ਲੁਟੇਰਿਆਂ ਨੇ ਜਾਂਦੇ ਸਮੇਂ ਗੋਲੀਆਂ ਵੀ ਚਲਾਈਆਂ ਅਤੇ ਬਾਈਕ 'ਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਘਟਨਾ ਦੀ CCTV ਫੁਟੇਜ ਆਈ ਸਾਹਮਣੇ
ਲੁੱਟ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਨਕਦੀ ਲੁੱਟਣ ਤੋਂ ਬਾਅਦ ਬਾਈਕ 'ਤੇ ਬੈਠੇ ਹਨ। ਬਾਈਕ ਦੇ ਸਿਰੇ 'ਤੇ ਬੈਠੇ ਲੁਟੇਰੇ ਨੇ ਗਾਰਡ ਦੀ ਖੋਹੀ ਬੰਦੂਕ ਸੁੱਟ ਦਿੱਤੀ ਅਤੇ ਫ਼ਰਾਰ ਹੋ ਗਿਆ। ਜਿਸ ਤੋਂ ਬਾਅਦ ਗਾਰਡ ਦੌੜਦਾ ਹੈ ਅਤੇ ਬੰਦੂਕ ਫੜ ਕੇ ਫਾਇਰ ਕਰਦਾ ਹੈ।
ਲੰਚ ਬਰੇਕ ਮੌਕੇ ਵਾਰਦਾਤ ਨੂੰ ਦਿੱਤਾ ਅੰਜਾਮ
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ ਦੁਪਹਿਰ ਕਰੀਬ 2.30 ਵਜੇ ਅਸੀਂ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਜਦੋਂ ਅਸੀਂ ਭੱਜ ਕੇ ਆਏ ਤਾਂ ਪਤਾ ਲੱਗਾ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋਈ ਹੈ। 3 ਲੁਟੇਰੇ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਤਿੰਨਾਂ ਕੋਲ ਪਿਸਤੌਲ ਸਨ। ਕਰੀਬ 10 ਤੋਂ 12 ਲੱਖ ਰੁਪਏ ਲੈ ਕੇ ਭੱਜ ਗਏ।
ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਬੈਂਕ ਵਿਚ ਲੰਚ ਬਰੇਕ ਚੱਲ ਰਹੀ ਸੀ।
ਬੈਂਕ 'ਚ ਕੀਤੀ ਫਾਇਰਿੰਗ
ਚਸ਼ਮਦੀਦ ਨੇ ਅੱਗੇ ਦੱਸਿਆ ਕਿ ਲੁਟੇਰੇ ਨੇ ਬੈਂਕ 'ਚ ਗੋਲੀਬਾਰੀ ਵੀ ਕੀਤੀ ਅਤੇ ਬੈਂਕ ਗਾਰਡ ਨਾਲ ਝਗੜਾ ਕੀਤਾ ਅਤੇ ਉਸ ਦੀ ਬੰਦੂਕ ਵੀ ਖੋਹ ਲਈ। ਜਾਂਦੇ ਸਮੇਂ ਲੁਟੇਰਿਆਂ ਨੇ ਬੰਦੂਕ ਸੁੱਟ ਦਿੱਤੀ, ਜਿਸ ਤੋਂ ਬਾਅਦ ਗਾਰਡ ਨੇ ਵੀ ਲੁਟੇਰਿਆਂ 'ਤੇ ਫਾਇਰਿੰਗ ਕੀਤੀ।
ਅੱਜ ਹੀ ਆਇਆ ਸੀ ਬੈਂਕ ਵਿੱਚ ਕੈਸ਼
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਛੁੱਟੀ ਤੋਂ ਬਾਅਦ ਬੈਂਕ ਖੁੱਲ੍ਹਿਆ ਸੀ ਅਤੇ ਅੱਜ ਬੈਂਕ ਵਿੱਚ ਜ਼ਿਆਦਾ ਨਕਦੀ ਸੀ। ਕਿਉਂਕਿ ਬੈਂਕ ਵਿੱਚ ਅਕਸਰ ਨਕਦੀ ਘੱਟ ਹੁੰਦੀ ਹੈ। ਜੇਕਰ ਕਿਸੇ ਨੂੰ ਜ਼ਿਆਦਾ ਨਕਦੀ ਦੀ ਲੋੜ ਹੈ ਤਾਂ ਉਸ ਨੂੰ ਬੈਂਕ ਜਾ ਕੇ ਦੱਸਣਾ ਹੁੰਦਾ ਹੈ ਕਿ ਉਸ ਨੂੰ ਨਕਦੀ ਦੀ ਲੋੜ ਹੈ।
ਮੁਲਜ਼ਮਾਂ ਨੂੰ ਫੜਨ ਲਈ 5 ਟੀਮਾਂ ਬਣਾਈਆਂ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ 3 ਲੁਟੇਰੇ ਬੈਂਕ ਵਿੱਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਨੇ ਸੁਰੱਖਿਆ ਗਾਰਡ ਨਾਲ ਧੱਕਾ-ਮੁੱਕੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੂੰ ਫੜਨ ਲਈ ਤਿੰਨ ਤੋਂ ਪੰਜ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।