ਪੰਜਾਬ ਵਿੱਚ ਆਏ ਦਿਨ ਦੁਖਦਾਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਅਜਿਹੀ ਹੀ ਇੱਕ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਬਾਘਾ ਪੁਰਾਣਾ ਲੰਗੇਆਣਾ ਦਾ ਰਹਿਣ ਵਾਲਾ ਇੱਕ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਵਿਅਕਤੀ ਦਾ ਨਾਂ ਰਾਜੂ ਦੱਸਿਆ ਜਾ ਰਿਹਾ ਹੈ। ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਬਾਘਾ ਪੁਰਾਣਾ ਤੋਂ ਗਿੱਲ ਫੀਡ ਫੈਕਟਰੀ ’ਚ ਕੰਮ ਕਰਨ ਜਾ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਜੁਝਾਰ ਕੰਪਨੀ ਦੀ ਬੱਸ ਨੇ ਓਵਰਟੇਕ ਕਰਦੇ ਸਮੇਂ ਟੱਕਰ ਮਾਰ ਦਿੱਤੀ।
ਪਿੰਡ ਵਾਸੀਆਂ ਨੇ ਰੋਡ ਜਾਮ ਕਰ ਕੀਤਾ ਰੋਸ ਪ੍ਰਦਰਸ਼ਨ
ਜਾਣਕਾਰੀ ਅਨੁਸਾਰ ਮ੍ਰਿਤਕ ਰਾਜੂ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਉਸ ਦੇ ਦੋ ਬੱਚੇ ਹਨ। ਪਿੰਡ ਵਾਸੀਆਂ ਨੂੰ ਇਨਸਾਫ਼ ਨਾ ਮਿਲਣ ਕਾਰਨ ਅੱਜ ਬਾਘਾ ਪੁਰਾਣਾ ਦੀ ਸੜਕ ਵੀ ਰੋਸ ਪ੍ਰਦਰਸ਼ਨ ਕਰਕੇ ਜਾਮ ਕਰ ਦਿੱਤੀ ਗਈ ਹੈ। ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।