ਜਲੰਧਰ 'ਚ ਅੱਜ ਤੜਕੇ ਲੁੱਟ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ 6 ਵਿਅਕਤੀਆਂ ਕੋਲੋਂ ਗੰਨ ਪੁਆਇੰਟ 'ਤੇ 50 ਹਜ਼ਾਰ ਰੁਪਏ ਲੁੱਟ ਲਏ ਗਏ। ਲੁੱਟ ਦੀ ਇਹ ਵਾਰਦਾਤ ਸਵੇਰੇ ਕਰੀਬ 5 ਵਜੇ ਫੁੱਟਬਾਲ ਚੌਕ ਨੇੜੇ ਵਾਪਰੀ। ਲੁਟੇਰਿਆਂ ਨੇ ਈ-ਰਿਕਸ਼ਾ ਚਾਲਕ ਤੇ ਉਸ ਵਿੱਚ ਬੈਠੇ ਲੋਕਾਂ ਨੂੰ ਪਿਸਤੌਲ ਦਿਖਾ ਕੇ ਮੋਬਾਈਲ ਫ਼ੋਨ ਤੇ 50 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ।
ਸਵੇਰ ਦੀ ਲੁੱਟ
ਪੀੜਤ ਮੁਬੀਨ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਮੈਂ ਆਪਣੇ ਇੱਕ ਦੋਸਤ ਨੂੰ ਬੱਸ ਸਟੈਂਡ ਲੈ ਕੇ ਜਾ ਰਿਹਾ ਸੀ ਕਿ ਜਿਵੇਂ ਹੀ ਮੈਂ ਫੁੱਟਬਾਲ ਚੌਕ ਕੋਲ ਪਹੁੰਚਿਆ ਤਾਂ ਤਿੰਨ ਨੌਜਵਾਨ ਸਕੂਟਰੀ 'ਤੇ ਆਏ। ਇਨ੍ਹਾਂ ਵਿੱਚੋਂ ਇੱਕ ਕੋਲ ਪਿਸਤੌਲ ਤੇ ਦੋ ਕੋਲ ਤੇਜ਼ਧਾਰ ਹਥਿਆਰ ਸਨ। ਜਿਵੇਂ ਹੀ ਉਹ ਆਇਆ, ਉਸਨੇ ਮੇਰੇ ਸਿਰ 'ਤੇ ਪਿਸਤੌਲ ਰੱਖ ਦਿੱਤੀ ਤੇ ਮੈਨੂੰ ਕਿਹਾ ਕਿ ਜੋ ਵੀ ਹੈ, ਬਾਹਰ ਕੱਢ ਦਿਓ।
ਪੁਲਿਸ ਨੂੰ ਦਿੱਤੀ ਸ਼ਿਕਾਇਤ
ਇਸ ਤੋਂ ਬਾਅਦ ਉਹ ਇਕ-ਇਕ ਕਰਕੇ ਸਾਰਿਆਂ ਦੇ ਮੋਬਾਈਲ ਫੋਨ ਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।
ਲਗਾਤਾਰ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ
ਦੱਸ ਦੇਈਏ ਕਿ ਜਲੰਧਰ 'ਚ ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੁਟੇਰਿਆਂ ਦਾ ਪੁਲਿਸ ਦਾ ਡਰ ਖਤਮ ਹੋ ਗਿਆ ਹੈ ਤੇ ਉਹ ਦਿਨ ਦਿਹਾੜੇ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟ ਰਹੇ।