ਜਲੰਧਰ ਦੇ ਦਿਓਲ ਨਗਰ 'ਚ ਦਿਨ ਦਿਹਾੜੇ ਆਟੋ 'ਚ ਬੈਠੇ ਯਾਤਰੀਆਂ ਨੂੰ ਗੰਨ ਪੁਆਇੰਟ 'ਤੇ ਲੁੱਟ ਲਿਆ ਗਿਆ। ਲੁਟੇਰਿਆਂ ਨੇ ਪਹਿਲਾਂ ਆਟੋ ਨੂੰ ਰੋਕਿਆ ਅਤੇ ਫਿਰ ਰਿਵਾਲਵਰ ਦਿਖਾ ਕੇ ਆਟੋ ਚਾਲਕ ਤੇ ਸਵਾਰੀਆਂ ਤੋਂ ਕਰੀਬ 9 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਆਟੋ ਚਾਲਕ ਦੀ ਗਰਦਨ 'ਤੇ ਰੱਖਿਆ ਤੇਜ਼ਧਾਰ ਹਥਿਆਰ
ਪੀੜਤ ਆਟੋ ਚਾਲਕ ਰਾਹੁਲ ਨੇ ਦੱਸਿਆ ਕਿ ਉਹ ਬੱਸ ਸਟੈਂਡ ਤੋਂ ਸਵਾਰੀਆਂ ਲਿਆ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਆਟੋ ਨੂੰ ਰੋਕ ਲਿਆ। 3 ਨੌਜਵਾਨਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੇਰਾ ਫੋਨ ਅਤੇ ਪੈਸੇ ਖੋਹ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਆਟੋ ਸਵਾਰਾਂ ਨੂੰ ਪਿਸਤੌਲ ਦਿਖਾ ਕੇ ਲੁੱਟ ਲਿਆ।
ਪਿਸਤੌਲ ਦਿਖਾ ਕੇ ਪੈਸੇ ਲੈ ਕੇ ਭੱਜੇ
ਆਟੋ ਸਵਾਰ ਔਰਤ ਨੇ ਦੱਸਿਆ ਕਿ ਅਸੀਂ ਉਤਰਾਖੰਡ ਤੋਂ ਆ ਰਹੇ ਸੀ। ਅਸੀਂ ਬੱਸ ਸਟੈਂਡ ਤੋਂ ਆਟੋ ਲਿਆ ਤੇ ਇਸ ਦੌਰਾਨ ਤਿੰਨ ਨੌਜਵਾਨ ਆਏ, ਉਨ੍ਹਾਂ ਨੇ ਪਿਸਤੌਲ ਦਿਖਾ ਕੇ ਪੈਸੇ ਤੇ ਸਾਮਾਨ ਲੈ ਕੇ ਭੱਜ ਗਏ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਤੜਕੇ ਵੀ ਹੋਈ ਸੀ ਲੁੱਟ-ਖੋਹ
ਦੱਸ ਦੇਈਏ ਕਿ ਅੱਜ ਸਵੇਰੇ ਨਕੋਦਰ ਵਿਖੇ ਮੱਥਾ ਟੇਕਣ ਜਾ ਰਹੇ ਇੱਕ ਵਿਅਕਤੀ ਤੋਂ ਤਿੰਨ ਲੁਟੇਰਿਆਂ ਨੇ ਸੋਨੇ ਦੀ ਚੇਨ, ਕਰੀਬ 9 ਹਜ਼ਾਰ ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਲੁੱਟ ਲਿਆ ਸੀ। ਪੁਲਿਸ ਨਾਕੇ ਤੋਂ ਕੁਝ ਦੂਰੀ ’ਤੇ ਨਿਡਰ ਹਥਿਆਰਬੰਦ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।