ਤੇਲੰਗਾਨਾ ‘ਚ ਭਿਆਨਕ ਸੜਕ ਹਾਦਸਾ, ਇਲੈਕਟ੍ਰਿਕ ਬੱਸ ਤੇ ਟਰੱਕ ਦੀ ਭਿੜੰਤ ‘ਚ 5 ਔਰਤਾਂ ਸਮੇਤ 6 ਦੀ ਮੌਤ

ਤੇਲੰਗਾਨਾ ਦੇ ਸੂਰਿਆਪੇਟ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਇਲੈਕਟ੍ਰਿਕ ਬੱਸ ਨੇ ਅੱਗੇ ਜਾ ਰਹੇ ਟਰੱਕ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 5 ਔਰਤਾਂ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 12 ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਖ਼ਬਰੀਸਤਾਨ ਨੈਟਵਰੱਕ : ਤੇਲੰਗਾਨਾ ਦੇ ਸੂਰਿਆਪੇਟ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਇਲੈਕਟ੍ਰਿਕ ਬੱਸ ਨੇ ਅੱਗੇ ਜਾ ਰਹੇ ਟਰੱਕ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 5 ਔਰਤਾਂ ਸਮੇਤ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 12 ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਤੜਕੇ 5:15 ਵਜੇ ਵਾਪਰਿਆ ਹਾਦਸਾ, ਬੱਸ ‘ਚ ਸਵਾਰ ਸਨ 42 ਯਾਤਰੀ
ਇਹ ਭਿਆਨਕ ਹਾਦਸਾ ਸਵੇਰੇ ਲਗਭਗ 5:15 ਵਜੇ ਹੈਦਰਾਬਾਦ-ਵਿਜੇਵਾੜਾ ਨੈਸ਼ਨਲ ਹਾਈਵੇਅ ‘ਤੇ ਕੋਡਾਡ ਮੰਡਲ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ ਬੱਸ ਵਿੱਚ ਕੁੱਲ 42 ਯਾਤਰੀ ਸਵਾਰ ਸਨ ਅਤੇ ਇਹ ਬੱਸ ਹੈਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਏਲੂਰੂ ਵੱਲ ਜਾ ਰਹੀ ਸੀ।

ਲੋਹੇ ਦੇ ਪਿਲਰ ਬੱਸ ਦੇ ਅੰਦਰ ਵੜਨ ਨਾਲ ਹੋਇਆ ਵੱਡਾ ਨੁਕਸਾਨ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗੇ ਜਾ ਰਹੇ ਟਰੱਕ ਵਿੱਚ ਲੋਹੇ ਦੇ ਭਾਰੀ ਪਿਲਰ ਲੱਦੇ ਹੋਏ ਸਨ। ਬੱਸ ਦੀ ਟੱਕਰ ਤੋਂ ਬਾਅਦ ਪਿਲਰਾਂ ਨੂੰ ਬੰਨ੍ਹਣ ਵਾਲੀ ਚੇਨ ਟੁੱਟ ਗਈ, ਜਿਸ ਨਾਲ ਲੋਹੇ ਦੇ ਪਿਲਰ ਬੱਸ ਦੇ ਸੱਜੇ ਪਾਸੇ ਅੰਦਰ ਤੱਕ ਧੱਸ ਗਏ। ਅੱਗੇ ਬੈਠੇ ਯਾਤਰੀ ਇਸ ਦੀ ਲਪੇਟ ‘ਚ ਆ ਗਏ, ਜਿਸ ਕਾਰਨ ਇਹ ਵੱਡਾ ਜਾਨੀ ਨੁਕਸਾਨ ਹੋਇਆ।

ਜ਼ਖ਼ਮੀਆਂ ਦਾ ਇਲਾਜ ਜਾਰੀ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਹਾਦਸੇ ‘ਚ ਜ਼ਖ਼ਮੀ ਹੋਏ 12 ਲੋਕਾਂ ਵਿੱਚੋਂ 2 ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਵਿਜੇਵਾੜਾ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਹਾਦਸੇ ਦਾ ਸੰਭਾਵਿਤ ਕਾਰਨ ਬੱਸ ਦੀ ਤੇਜ਼ ਰਫ਼ਤਾਰ ਦੱਸਿਆ ਜਾ ਰਹਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਹਰ ਸੰਭਵ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Leave a Reply

Your email address will not be published. Required fields are marked *