ਪੰਜਾਬ ਪੁਲਿਸ ਨੇ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ 7 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿੱਚ ਐਸਪੀ ਗੁਰਬਿੰਦਰ ਸਿੰਘ, ਡੀਐਸਪੀ ਪਰਸੋਨ ਸਿੰਘ, ਡੀਐਸਪੀ ਜਗਦੀਸ਼ ਕੁਮਾਰ, ਇੰਸਪੈਕਟਰ ਤੇਜਿੰਦਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਇੰਸਪੈਕਟਰ ਜਤਿੰਦਰ ਸਿੰਘ ਅਤੇ ਏਐਸਆਈ ਰਾਕੇਸ਼ ਕੁਮਾਰ ਦੇ ਨਾਮ ਸ਼ਾਮਲ ਹਨ।
ਐਸਪੀ ਗੁਰਬਿੰਦਰ ਸਿੰਘ ਨੂੰ ਕੱਲ੍ਹ ਹੀ ਕਰ ਦਿੱਤਾ ਮੁਅੱਤਲ
ਦੱਸ ਦੇਈਏ ਕਿ ਬਠਿੰਡਾ ਦੇ ਐਸਐਸਪੀ ਦਫ਼ਤਰ ਨੇ ਕੱਲ੍ਹ ਹੀ ਐਸਪੀ ਗੁਰਬਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਦਾ ਲੈੱਟਰ ਵੀ ਸਾਹਮਣੇ ਆਇਆ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕਮੀ ਨੂੰ ਲੈ ਕੇ ਡੀਜੀਪੀ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਜਨਵਰੀ 2022 ਵਿੱਚ ਰੋਕਿਆ ਗਿਆ ਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ 5 ਜਨਵਰੀ, 2022 ਨੂੰ ਪੰਜਾਬ ਦੇ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਇੱਕ ਫਲਾਈਓਵਰ 'ਤੇ ਫਸ ਗਿਆ ਸੀ। ਪ੍ਰਧਾਨ ਮੰਤਰੀ ਫ਼ਿਰੋਜ਼ਪੁਰ ਵਿੱਚ ਰੈਲੀ ਕਰਨ ਜਾ ਰਹੇ ਸਨ, ਜਿੱਥੇ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ 42 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ।
ਪਰ ਉਨ੍ਹਾਂ ਦੀ ਰੈਲੀ ਨੂੰ ਮੁਲਤਵੀ ਕਰਨਾ ਪਿਆ। ਪ੍ਰਧਾਨ ਮੰਤਰੀ ਦਾ ਕਾਫਲਾ ਰਾਸ਼ਟਰੀ ਸ਼ਹੀਦ ਸਮਾਰਕ ਤੋਂ 30 ਕਿਲੋਮੀਟਰ ਦੂਰ ਹੁਸੈਨੀਵਾਲਾ ਤੋਂ ਲੰਘ ਰਿਹਾ ਸੀ, ਜਿੱਥੇ ਕੁਝ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਸਨ ਅਤੇ ਫਲਾਈਓਵਰ ਜਾਮ ਕਰ ਦਿੱਤਾ ਸੀ ।
ਪੀਐਮ ਦਾ ਕਾਫਲਾ 20 ਮਿੰਟ ਤੱਕ ਫਸਿਆ ਰਿਹਾ
ਇਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਵੱਡੀ ਕਮੀ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਾ ਕਾਫਲਾ ਕਰੀਬ 20 ਮਿੰਟ ਤੱਕ ਫਸਿਆ ਰਿਹਾ। ਤਤਕਾਲੀ ਚੰਨੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਦਾ ਰੂਟ ਅਖੀਰ 'ਚ ਬਦਲ ਦਿੱਤਾ ਗਿਆ ਸੀ, ਜਦਕਿ ਭਾਜਪਾ ਨੇ ਕਾਂਗਰਸ 'ਤੇ ਗੰਭੀਰ ਦੋਸ਼ ਲਾਏ ਸਨ।
ਪੀਐਮ ਮੋਦੀ ਨੇ ਕਿਹਾ ਸੀ-ਮੁੱਖ ਮੰਤਰੀ ਦਾ ਧੰਨਵਾਦ, ਮੈਂ ਜ਼ਿੰਦਾ ਪਰਤ ਆਇਆ ਹਾਂ।
ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ - ਮੁੱਖ ਮੰਤਰੀ ਦਾ ਧੰਨਵਾਦ, ਮੈਂ ਜਿਉਂਦਾ ਵਾਪਸ ਆ ਗਿਆ ਹਾਂ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਵਧ ਗਿਆ। ਇਹ ਫਲਾਈਓਵਰ ਭਾਰਤ-ਪਾਕਿਸਤਾਨ ਦੀ ਹੁਸੈਨੀਵਾਲਾ ਸਰਹੱਦ ਤੋਂ ਥੋੜ੍ਹੀ ਦੂਰੀ 'ਤੇ ਸੀ।