ਖਬਰਿਸਤਾਨ ਨੈੱਟਵਰਕ - ਜਲੰਧਰ ਦੇ ਪੱਛਮੀ ਹਲਕੇ ਵਿੱਚ ਰਾਤ ਸਮੇਂ 18 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਗੋ ਕੈਂਪ ਵਿੱਚ ਕੁਝ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਪੱਛਮੀ ਹਲਕੇ ਦੇ ਬਸਤੀ ਸ਼ੇਖ ਵਿੱਚ ਘਾਹ ਮੰਡੀ ਚੌਕ ਨੇੜੇ ਇੱਕ ਨੌਜਵਾਨ ਦੇ ਕਤਲ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਹਲਕੇ ਵਿੱਚ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ACP ਨੇ ਬਿਆਨ ਦਿੱਤਾ ਹੈ।
10 ਤੋਂ 15 ਹਮਲਾਵਰਾਂ ਨੇ ਘੇਰ ਕੇ 1 ਨੌਜਵਾਨ ਦਾ ਕੀਤਾ ਕਤਲ
ਜਾਣਕਾਰੀ ਅਨੁਸਾਰ, ਜਿੰਮ ਦੇ ਬਾਹਰ ਖੜ੍ਹੇ 18 ਸਾਲਾ ਨੌਜਵਾਨ 'ਤੇ ਲਗਭਗ 10 ਤੋਂ 15 ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦੇ ਢਿੱਡ ਵਿੱਚ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਰਾਹੁਲ, ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ACP ਦਾ ਬਿਆਨ
ਇਸ ਮਾਮਲੇ ਨੂੰ ਲੈ ਕੇ ਏਸੀਪੀ ਸਰਵਨਜੀਤ ਸਿੰਘ ਦਾ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਰਾਤ 12 ਵਜੇ ਦੁਸਹਿਰਾ ਗਰਾਊਂਡ ਨੇੜੇ ਕੁਝ ਨੌਜਵਾਨਾਂ ਦੀ ਲੜਾਈ ਹੋਈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨਾਂ ਨੇ ਰਾਹੁਲ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਮਾਮਲੇ ਦੀ ਜਾਂਚ ਅਤੇ ਗ੍ਰਿਫ਼ਤਾਰੀਆਂ
ਏਸੀਪੀ ਨੇ ਕਿਹਾ ਕਿ ਮੁਲਜ਼ਮ ਮ੍ਰਿਤਕ ਦੇ ਜਾਣਕਾਰ ਸਨ। ਅਸਲ ਮਾਮਲਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੀਸੀਟੀਵੀ ਫੁਟੇਜ ਵਿੱਚ ਵਾਰਦਾਤ ਕੈਦ
ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਦੁਸਹਿਰਾ ਗਰਾਊਂਡ ਨੇੜੇ ਰਾਹੁਲ ਦੇ ਆਲੇ-ਦੁਆਲੇ ਖੜ੍ਹੇ ਹਨ। ਇਸ ਦੌਰਾਨ ਨੌਜਵਾਨਾਂ ਨੇ ਰਾਹੁਲ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਘਟਨਾ ਵਿੱਚ ਰਾਹੁਲ ਸੜਕ 'ਤੇ ਡਿੱਗ ਜਾਂਦਾ ਹੈ ਅਤੇ ਹਮਲਾਵਰ ਮੌਕੇ ਤੋਂ ਭੱਜ ਜਾਂਦੇ ਹਨ।
ਨੌਜਵਾਨ ਦੀ ਮਾਂ ਦਾ ਬਿਆਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਰਾਹੁਲ ਨੂੰ ਉਸਦੇ ਘਰੋਂ ਬੁਲਾਇਆ ਅਤੇ ਰਾਤ 12 ਵਜੇ ਉਸਨੂੰ ਚੁੱਕ ਕੇ ਲੈ ਗਏ। ਜਿਸ ਤੋਂ ਬਾਅਦ ਦੁਸਹਿਰਾ ਗਰਾਊਂਡ ਨੇੜੇ ਜਿੰਮ ਦੇ ਬਾਹਰ ਉਸ 'ਤੇ ਹਮਲਾ ਕੀਤਾ ਗਿਆ। ਬੱਚੇ ਦੀ ਮਾਂ ਪਰਮਿਲਾ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ 'ਤੇ ਇੱਟਾਂ ਅਤੇ ਪੱਥਰਾਂ ਨਾਲ ਵੀ ਹਮਲਾ ਕੀਤਾ।
ਪੁਲਸ ਕਾਰਵਾਈ
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਏਸੀਪੀ ਵੈਸਟ ਸਰਵਨਜੀਤ ਸਿੰਘ ਅਤੇ ਥਾਣਾ ਇੰਚਾਰਜ ਸਾਹੀ ਚੌਧਰੀ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹਨ।