ਖ਼ਬਰਿਸਤਾਨ ਨੈੱਟਵਰਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਅੱਜ ਮਾਨਸਾ ਵਿੱਚ ਐੱਸ.ਐੱਸ.ਪੀ. (SSP) ਦਫ਼ਤਰ ਦੇ ਬਾਹਰ ਬੈਠ ਕੇ ਧਰਨਾ ਦਿੱਤਾ। ਇਸ ਦੌਰਾਨ ਸਿੱਧੂ ਦੇ ਮਾਤਾ-ਪਿਤਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਇੱਥੋਂ ਨਹੀਂ ਉੱਠਣਗੇ।
ਬੰਟੀ ਬੈਂਸ ‘ਤੇ ਕੇਸ ਦਰਜ ਕਰਨ ਦੀ ਮੰਗ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅਸੀਂ ਜਨਵਰੀ ਦੇ ਮਹੀਨੇ ਵਿੱਚ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਪਰ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ। ਅਸੀਂ ਬੰਟੀ ਬੈਂਸ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ, ਜੋ ਅਜੇ ਤੱਕ ਨਹੀਂ ਹੋਈ ਹੈ। ਸਗੋਂ ਸਾਡੇ ਕੇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
“ਸਮਝ ਨਹੀਂ ਆ ਰਿਹਾ ਸਾਡੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ”
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. (OSD) ਸਾਡੇ ਕੇਸ ਨੂੰ ਲਗਾਤਾਰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ, “ਮੈਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਭਗਵੰਤ ਮਾਨ ਦਾ ਅਜਿਹਾ ਕੀ ਲੈ ਲਿਆ ਹੈ, ਜਿਸ ਕਾਰਨ ਸਾਡੇ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ।”