ਖ਼ਬਰਿਸਤਾਨ ਨੈੱਟਵਰਕ: ਗੁਰਦਾਸਪੁਰ ਜ਼ਿਲ੍ਹੇ ਵਿੱਚ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸਾ ਵਾਪਰ ਗਿਆ। ਜਿੱਥੇ ਪੱਥਰਾਂ ਨਾਲ ਲੱਦਿਆ ਇੱਕ ਟਰੱਕ ਪਲਟ ਗਿਆ। ਇਸ ਹਾਦਸੇ ਦੌਰਾਨ ਪਿੱਛੇ ਆ ਰਹੀਆਂ ਛੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਨ੍ਹਾਂ ਵਿੱਚ ਸੀਮਾ ਸੁਰੱਖਿਆ ਬਲ (BSF) ਦੀਆਂ ਦੋ ਬੱਸਾਂ ਵੀ ਸ਼ਾਮਲ ਸਨ।
ਇਹ ਹਾਦਸਾ ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਨੌਸ਼ਹਿਰਾ ਮੱਝਾ ਸਿੰਘ ਦੇ ਨੇੜਲੇ ਪਿੰਡ ਗਿੱਲਾਂਵਾਲੀ ਕੋਲ ਵਾਪਰਿਆ। ਸਵੇਰੇ ਕਰੀਬ 7 ਵਜੇ, ਹਾਈਵੇਅ ‘ਤੇ ਜਾ ਰਿਹਾ ਪੱਥਰਾਂ ਨਾਲ ਭਰਿਆ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ। ਧੁੰਦ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਵਾਹਨ ਇੱਕ-ਦੂਜੇ ਨਾਲ ਟਕਰਾ ਗਏ।
3 ਲੋਕ ਹੋਏ ਜ਼ਖਮੀ
ਹਾਦਸੇ ਦਾ ਸ਼ਿਕਾਰ ਹੋਈਆਂ ਬੀ.ਐੱਸ.ਐੱਫ. ਦੀਆਂ ਦੋ ਬੱਸਾਂ ਵਿੱਚ ਜਵਾਨ ਆਪਣੇ ਪਰਿਵਾਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤਿੰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਫ਼ੌਜ ਦੀ ਐਂਬੂਲੈਂਸ ਰਾਹੀਂ ਮੁੱਢਲੀ ਸਹਾਇਤਾ ਦਿੱਤੀ ਗਈ।
ਬਟਾਲਾ ਪੁਲਿਸ ਦੇ ਏ.ਐੱਸ.ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇਅ ‘ਤੇ ਕਈ ਘੰਟਿਆਂ ਤੱਕ ਜਾਮ ਲੱਗਾ ਰਿਹਾ। ਪੁਲਿਸ ਨੇ ਜੇ.ਸੀ.ਬੀ. ਅਤੇ ਕਰੇਨ ਦੀ ਮਦਦ ਨਾਲ ਨੁਕਸਾਨੀਆਂ ਗੱਡੀਆਂ ਅਤੇ ਖਿੱਲਰੇ ਪੱਥਰਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਦੁਬਾਰਾ ਚਾਲੂ ਕਰਵਾਇਆ।