ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਬਿਜਲੀ ਦੇ ਮੀਟਰ ਦੀਆਂ ਤਾਰਾਂ ਕੱਟਦੇ ਹੋਏ ਇੱਕ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ। ਲੋਕਾਂ ਨੇ ਚੋਰ ਨੂੰ ਸਬਕ ਸਿਖਾਉਣ ਲਈ ਉਸ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਦਿੱਤੇ ਅਤੇ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਚੋਰ ਦੀ ਜੰਮ ਕੇ ਛਿੱਤਰ ਪਰੇਡ ਕੀਤੀ। ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਉਹ ਬਾਵਾ ਖੇਲ ਇਲਾਕੇ ਦਾ ਰਹਿਣ ਵਾਲਾ ਹੈ।
ਫੁੱਲਾਂ ਦਾ ਹਾਰ ਪਾ ਕੇ ਕੱਢਿਆ ਜੁਲੂਸ
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ ਅਤੇ ਅਕਸਰ ਬੈਟਰੀਆਂ ਜਾਂ ਹੋਰ ਸਾਮਾਨ ਚੋਰੀ ਕਰਕੇ ਕਬਾੜੀਆਂ ਨੂੰ ਵੇਚਦਾ ਹੈ। ਲੋਕਾਂ ਦਾ ਗੁੱਸਾ ਉਦੋਂ ਹੋਰ ਵਧ ਗਿਆ ਜਦੋਂ ਨੌਜਵਾਨ ਵਾਰ-ਵਾਰ ਝੂਠ ਬੋਲਣ ਲੱਗਾ। ਉਸ ਨੂੰ ਸਬਕ ਸਿਖਾਉਣ ਲਈ ਲੋਕਾਂ ਨੇ ਮੁਲਜ਼ਮ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਦਿੱਤੇ ਅਤੇ ਉਸ ਦਾ ਜੁਲੂਸ ਕੱਢਿਆ।
ਨਸ਼ੇ ਕਾਰਨ ਕਰਦਾ ਹੈ ਚੋਰੀਆਂ
ਲੋਕਾਂ ਦਾ ਕਹਿਣਾ ਸੀ ਕਿ ਇਹ ‘ਸਨਮਾਨ’ ਇਸ ਲਈ ਦਿੱਤਾ ਜਾ ਰਿਹਾ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰੇ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਇਹ ਵੀ ਕਬੂਲ ਕੀਤਾ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਹੈ। ਲੋਕਾਂ ਨੇ ਕਿਹਾ ਕਿ ਇਲਾਕੇ ਵਿੱਚ ਚੋਰਾਂ ਦਾ ਦਹਿਸ਼ਤ ਵੱਧ ਗਈ ਹੈ, ਜਿਸ ਕਾਰਨ ਆਮ ਜਨਤਾ ਦਾ ਜਿਊਣਾ ਮੁਹਾਲ ਹੋ ਗਿਆ ਹੈ। ਫੜਿਆ ਗਿਆ ਚੋਰ ਹੱਥ ਜੋੜ ਕੇ ਮਾਫ਼ੀਆਂ ਮੰਗਦਾ ਅਤੇ ਆਪਣੀ ਗਲਤੀ ਕਬੂਲ ਕਰਦਾ ਨਜ਼ਰ ਆ ਰਿਹਾ ਸੀ।