ਪੰਜਾਬ ਵਿੱਚ ਮਾਨਸੂਨ ਨੂੰ ਆਏ ਇੱਕ ਹਫ਼ਤਾ ਹੋ ਗਿਆ ਹੈ, ਪਰ ਹੁਣ ਤੱਕ ਉਮੀਦ ਮੁਤਾਬਕ ਮੀਂਹ ਨਹੀਂ ਪਿਆ। ਇਸ ਕਾਰਨ ਸੂਬੇ ਵਿੱਚ ਗਰਮੀ ਅਤੇ ਉਮਸ ਦਾ ਅਸਰ ਬਰਕਰਾਰ ਹੈ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ 38.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ 9 ਤੋਂ 11 ਜੁਲਾਈ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਖ਼ਾਸ ਕਰਕੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਵੀ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੇ ਆਸਾਰ ਹਨ।
ਉੱਧਰ ਹਿਮਾਚਲ ਪ੍ਰਦੇਸ਼ ਵਿੱਚ ਵੀ 12 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਾਂਗੜਾ, ਮੰਡੀ, ਹਮੀਰਪੁਰ, ਸਿਰਮੌਰ ਅਤੇ ਸ਼ਿਮਲਾ ਵਿੱਚ ਭਾਰੀ ਵਰਖਾ ਕਾਰਨ ਜਲਭਰਾਅ ਅਤੇ ਲੈਂਡਸਲਾਈਡ ਦਾ ਖਤਰਾ ਬਣਿਆ ਹੋਇਆ ਹੈ। ਮੰਡੀ ਵਿੱਚ ਬਿਆਸ ਦਰਿਆ ਦਾ ਪਾਣੀ ਵਧਣ ਤੋਂ ਬਾਅਦ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਗਰਮੀ ਅਤੇ ਉਮਸ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਵੱਧ ਕੇ 15,405 ਮੈਗਾਵਾਟ ਤੱਕ ਪਹੁੰਚ ਗਈ ਹੈ। ਇਸ ਵਿੱਚੋਂ 4,905 ਮੈਗਾਵਾਟ ਬਿਜਲੀ ਸੂਬੇ ਦੇ ਆਪਣੇ ਬਿਜਲੀ ਘਰਾਂ ਤੋਂ ਅਤੇ 10,518 ਮੈਗਾਵਾਟ ਨੈਸ਼ਨਲ ਗ੍ਰਿਡ ਤੋਂ ਲਈ ਜਾ ਰਹੀ ਹੈ।
ਇਸ ਦੌਰਾਨ ਭਾਖੜਾ ਅਤੇ ਪੌਂਗ ਡੈਮ ਦਾ ਜਲ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਅਧਿਕਾਰੀਆਂ ਮੁਤਾਬਕ ਦੋਵੇਂ ਡੈਮਾਂ ਦੀ ਸਥਿਤੀ ਆਮ ਹੈ ਅਤੇ ਕਿਸੇ ਤਰ੍ਹਾਂ ਦਾ ਤੁਰੰਤ ਖਤਰਾ ਨਹੀਂ ਹੈ।
ਮੌਸਮ ਵਿਭਾਗ ਦੇ ਅਨੁਸਾਰ 10 ਜੁਲਾਈ ਤੋਂ ਬਾਅਦ ਮਾਨਸੂਨ ਦੀ ਸਰਗਰਮੀ ਕੁਝ ਘੱਟ ਹੋ ਸਕਦੀ ਹੈ, ਪਰ ਅਗਲੇ ਕੁਝ ਦਿਨਾਂ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ, ਜਿਸ ਨਾਲ ਮੌਸਮ ਕੁਝ ਹੱਦ ਤੱਕ ਸੁਹਾਵਣਾ ਰਹੇਗਾ।