ਬਠਿੰਡਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਿਥੇ ਸਵਾਰੀਆਂ ਨਾਲ ਭਰੀ ਇਕ ਬੱਸ ਪੁਲ ਤੋਂ ਹੇਠਾਂ ਗੰਦੇ ਨਾਲੇ ਵਿਚ ਡਿੱਗ ਗਈ ਸੀ।
ਇਹ ਹਾਦਸਾ ਜਿਊਣ ਸਿੰਘ ਵਾਲਾ ਨੇੜੇ ਵਾਪਰਿਆ ਸੀ। ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਗੰਦੇ ਨਾਲੇ 'ਚ ਜਾ ਡਿੱਗੀ ਸੀ। ਬੱਸ ਡਿੱਗਣ ਤੋਂ ਬਾਅਦ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਬੱਸ 'ਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ।
8 ਲੋਕਾਂ ਦੀ ਮੌਤ
ਰਿਪੋਰਟ ਮੁਤਾਬਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਯਾਤਰੀ ਜ਼ਖਮੀ ਵੀ ਹੋਏ ਹਨ। ਜਿਸ ਨੂੰ ਪ੍ਰਸ਼ਾਸਨ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਪੁਲਸ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ।
ਵਿਧਾਇਕ ਨੇ ਕਿਹਾ- 5 ਦੀ ਮੌਕੇ 'ਤੇ ਹੀ ਮੌਤ ਹੋ ਗਈ
ਘਟਨਾ ਦਾ ਪਤਾ ਲੱਗਦਿਆਂ ਹੀ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਪੁੱਜੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦੇ ਬਿਹਤਰ ਇਲਾਜ ਲਈ ਸੀ.ਐਮ.ਓ ਨੂੰ ਆਦੇਸ਼ ਦਿੱਤੇ ਗਏ ਹਨ।