ਫਾਜ਼ਿਲਕਾ 'ਚ ਇਕ ਸਕੂਲ ਬੱਸ ਤੇ ਟੈਂਪੂ ਦੀ ਜ਼ਬਰਦਸਤ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਅਬੋਹਰ ਹਾਈਵੇ 'ਤੇ ਪਿੰਡ ਰਾਮਪੁਰਾ ਨੇੜੇ ਵਾਪਰਿਆ, ਜਿਥੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ।
ਕਿਵੇਂ ਵਾਪਰਿਆ ਹਾਦਸਾ
ਦੱਸ ਦੇਈਏ ਕਿ ਬੱਚਿਆਂ ਨੂੰ ਸਕੂਲ ਲਿਜਾ ਰਹੀ ਬੱਸ ਅਚਾਨਕ ਸਾਹਮਣੇ ਤੋ ਆ ਰਹੇ ਟੈਂਪੂ ਨਾਲ ਟਕਰਾ ਗਈ, ਜਿਸ ਕਾਰਨ ਟੈਂਪੂ ਪਲਟ ਗਿਆ। ਜਦੋਂਕਿ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬੱਸ 'ਚ ਕਈ ਬੱਚੇ ਸਵਾਰ ਸਨ। ਮਾਮੂਲੀ ਸੱਟਾਂ ਹੀ ਲੱਗੀਆਂ ਹਨ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੈ।
ਦੋਵੇਂ ਵਾਹਨਾਂ ਦਾ ਹੋਇਆ ਨੁਕਸਾਨ
ਇਸ ਸਬੰਧੀ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ 'ਚ ਲੰਗਰ ਛਕਾਉਣ ਦਾ ਪ੍ਰੋਗਰਾਮ ਹੈ, ਜਿਸ ਦੌਰਾਨ ਟੈਂਪੂ ਵਿੱਚ ਪੱਖੇ ਅਤੇ ਹੋਰ ਸਾਮਾਨ ਆ ਰਿਹਾ ਸੀ। ਉਦੋਂ ਸਾਹਮਣੇ ਤੋਂ ਆ ਰਹੀ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਅਤੇ ਟੈਂਪੂ ਦੂਰ ਜਾ ਕੇ ਪਲਟ ਗਿਆ। ਹਾਲਾਂਕਿ ਦੋਵਾਂ ਵਾਹਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ, ਪਰ ਇਸ ਦੌਰਾਨ ਸਕੂਲੀ ਬੱਚਿਆਂ ਅਤੇ ਟੈਂਪੂ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ।
ਸਕੂਲ ਬੱਸ ਵਿਚ 30 ਬੱਚੇ ਸਨ ਸਵਾਰ
ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ 'ਚ ਕਰੀਬ 30 ਬੱਚੇ ਸਵਾਰ ਸਨ। ਬੱਸ ਚਾਲਕ ਉਨ੍ਹਾਂ ਨੂੰ ਸਵੇਰੇ ਘਰ ਤੋਂ ਸਕੂਲ ਲੈ ਕੇ ਜਾ ਰਿਹਾ ਸੀ ਜਦੋਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਉਧਰ, ਟੈਂਪੂ ਚਾਲਕ ਕੁਨਾਲ ਨੇ ਦੱਸਿਆ ਕਿ ਉਹ ਪਿੱਛੇ ਦੇਖ ਕੇ ਟੈਂਪੂ ਨੂੰ ਸੜਕ ਤੋਂ ਮੋੜ ਰਿਹਾ ਸੀ। ਪਰ ਬੱਸ ਚਾਲਕ ਨੇ ਤੇਜ਼ ਰਫਤਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਬੱਸ ਚਾਲਕ ਨੇ ਕਿਹਾ ਕਿ ਉਹ ਸਕੂਲ ਤੋਂ ਲੇਟ ਹੋ ਰਿਹਾ ਸੀ, ਜਿਸ ਕਾਰਨ ਕਾਹਲੀ ਵਿੱਚ ਇਹ ਹਾਦਸਾ ਵਾਪਰਿਆ।