ਜਲੰਧਰ ਦੇ ਇਕ ਵਿਅਕਤੀ ਦੀ ਮਥੁਰਾ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਦੇ ਦਰਸ਼ਨਾਂ ਲਈ ਗਏ ਜਲੰਧਰ ਦੇ ਇੱਕ ਵਿਅਕਤੀ ਰਣਧੀਰ ਤਲਵਾੜ ਨੇ ਮੱਥਾ ਟੇਕਣ ਲਈ ਸਿਰ ਝੁਕਾਇਆ, ਉਸੇ ਸਮੇਂ ਉਹ ਅਚਾਨਕ ਜ਼ਮੀਨ 'ਤੇ ਡਿੱਗ ਪਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ
ਮ੍ਰਿਤਕ ਦੀ ਪਛਾਣ 72 ਸਾਲਾ ਰਣਧੀਰ ਤਲਵਾੜ ਵਜੋਂ ਹੋਈ ਹੈ। ਉਹ ਵੀਆਈਪੀ ਗੈਲਰੀ ਵਿੱਚ ਸੀ ਅਤੇ ਪੂਜਾ ਕਰ ਰਹੇ ਸੀ। ਫਿਰ ਅਚਾਨਕ ਉਹ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਧੀ- ਜਵਾਈ ਨਾਲ ਦਰਸ਼ਨਾਂ ਲਈ ਗਏ ਸਨ
ਰਣਧੀਰ ਦੀ ਮੌਤ ਦੀ ਘਟਨਾ ਮੰਦਰ ਦੇ ਸੀਸੀਟੀਵੀ 'ਚ ਕੈਦ ਹੋ ਗਈ। ਪਤਾ ਲੱਗਾ ਹੈ ਕਿ ਉਸ ਦੀ ਮੌਤ ਸਿਰਫ 5 ਸਕਿੰਟਾਂ ਦੇ ਅੰਦਰ ਹੋ ਗਈ। ਜਾਣਕਾਰੀ ਮੁਤਾਬਕ ਰਣਧੀਰ ਆਪਣੇ ਜਵਾਈ ਸੰਜੇ ਅਤੇ ਬੇਟੀ ਰੀਨਾ ਦੇ ਨਾਲ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਰਾਣੀ ਦੇ ਦਰਸ਼ਨਾਂ ਲਈ ਵਰਿੰਦਾਵਨ ਅਤੇ ਮਥੁਰਾ ਗਏ ਹੋਏ ਸਨ। ਮੰਗਲਵਾਰ ਸ਼ਾਮ ਨੂੰ ਰਣਧੀਰ ਆਪਣੇ ਪਰਿਵਾਰ ਨਾਲ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿੱਚ ਮੱਥਾ ਟੇਕਣ ਲਈ ਵੀਆਈਪੀ ਗੈਲਰੀ ਵਿੱਚ ਸਨ।
ਮੱਥਾ ਟੇਕਣ ਲਈ ਸਿਰ ਝੁਕਾਇਆ ਫਿਰ ਨਹੀਂ ਉਠੇ
ਰਣਧੀਰ ਨੇ ਦਰਸ਼ਨ ਲਈ ਆਪਣਾ ਸਿਰ ਝੁਕਾਇਆ ਹੀ ਸੀ ਕਿ ਉਹ ਦੁਬਾਰਾ ਸਿਰ ਨਾ ਚੁੱਕ ਸਕਿਆ ਅਤੇ ਡਿੱਗ ਪਿਆ। ਪਿੱਛੇ ਖੜ੍ਹੇ ਵਿਅਕਤੀ ਨੇ ਕਿਸੇ ਤਰ੍ਹਾਂ ਰਣਧੀਰ ਨੂੰ ਸੰਭਾਲਿਆ ਅਤੇ ਮੰਦਰ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਣਧੀਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਬਾਂਕੇ ਬਿਹਾਰੀ ਮੰਦਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਸ਼ਰਧਾਲੂ ਭੀੜ ਕਾਰਨ ਬੇਹੋਸ਼ ਹੋ ਜਾਂਦੇ ਹਨ। ਕੱਲ੍ਹ ਵੀ ਵਰਿੰਦਾਵਨ ਵਿੱਚ ਬਿਹਾਰੀ ਜੀ ਦੇ ਦਰਸ਼ਨਾਂ ਲਈ ਆਈ ਇੰਦੌਰ ਦੀ ਇੱਕ ਔਰਤ ਗੇਟ ਨੰਬਰ ਇੱਕ ’ਤੇ ਬੇਹੋਸ਼ ਹੋ ਗਈ ਸੀ। ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਵਿਚ ਸੁਧਾਰ ਹੋਇਆ।